ਸੁਨਾਮ: ਜਾਖਲ ਰੋਡ ’ਤੇ ਹਰ ਸਮੇਂ ਭਾਰੀ ਗਿਣਤੀ ’ਚ ਵਾਹਨਾਂ ਦਾ ਹਰ ਵਕਤ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜੋ ਕਿ ਸ਼ਹੀਦ ਊਧਮ ਸਿੰਘ ਦੇ ਸਥਾਪਤ ਕੀਤੇ ਗਏ ਚੌਕ ਵਿਚ ਬੁੱਤ ਦੇ ਕੋਲੋਂ ਲੰਘਦੇ ਹਨ ਇਸ ਚਬੂਤਰੇ ਤੇ ਅਕਸਰ ਅਵਾਰਾ ਪਸ਼ੂ ਚੜ੍ਹ ਜਾਂਦੇ ਹਨ ਅਤੇ ਘੰਟਿਆਂ ਬੱਧੀ ਇੱਥੇ ਖੜ੍ਹੇ ਰਹਿਣ ਕਾਰਨ ਗੰਦਗੀ ਫੈਲਾਉਂਦੇ ਰਹਿੰਦੇ ਹਨ। ਇਸੇ ਸਬੰਧ ’ਚ ਜਦੋਂ ਐੱਨਸੀਸੀ ਦੇ ਅਫ਼ਸਰ ਰਾਮ ਪ੍ਰਕਾਸ਼ ਸੇਤੀਆ ਜਦੋਂ ਸਰਕਾਰੀ ਸਕੂਲ ਸ਼ੇਰੋਂ ਦੇ ਐਨਸੀਸੀ ਕੈਡਿਟਾ ਨਾਲ ਸ਼ਹੀਦ ਦੇ ਬੁੱਤ ਨੂੰ ਨਮਨ ਕਰਨ ਆਏ ਤਾਂ ਸ਼ਹੀਦ ਦੇ ਬੁੱਤ ਆਲੇ ਦੁਆਲੇ ਮਿੱਟੀ ਧੂੜ ਤੇ ਗੰਦਗੀ ਦੇਖ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਇਸ ਮੌਕੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਸਾਰੇ ਪੰਜਾਬੀਆਂ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਅਤੇ ਆਜ਼ਾਦੀ ਦੀ ਲਹਿਰ ਵਿੱਚ ਵੱਡਮੁੱਲਾ ਹਿੱਸਾ ਪਾਇਆ। ਪਰ ਅੱਜ ਪੰਜਾਬ ਸਰਕਾਰ ਵੱਲੋਂ ਉਸ ਸ਼ਹੀਦ ਦੇ ਸਥਾਪਤ ਕੀਤੇ ਬੁੱਤ ਦੀ ਕੋਈ ਸੰਭਾਲ ਨਹੀਂ ਕੀਤੀ ਜਾ ਰਹੀ, ਇਹ ਬਹੁਤ ਹੀ ਅਫ਼ਸੋਸ ਵਾਲੀ ਗੱਲ ਹੈ।
ਇਸ ਮੌਕੇ ਸ਼ਹੀਦ ਦੇ ਬੁੱਤ ਦੁਆਲੇ ਸਫ਼ਾਈ ਕਰ ਰਹੇ ਐਨਸੀਸੀ ਕੈਡਿਟ ਹਰਮਨ ਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਬੜੇ ਚਾਅ ਅਤੇ ਸ਼ਰਧਾ ਨਾਲ ਸ਼ਹੀਦ ਦੇ ਬੁੱਤ ਨੂੰ ਨਮਨ ਕਰਨ ਆਏ ਸਨ, ਪ੍ਰੰਤੂ ਸਰਕਾਰ ਵੱਲੋਂ ਬੁੱਤਾਂ ਦੀ ਸੰਭਾਲ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਲਿਓ ਪੈਸੇ ਪਾਕੇ ਝਾੜੂ ਖਰੀਦੇ ਤੇ ਮਹਾਨ ਸ਼ਹੀਦ ਦੇ ਬੁੱਤ ਦੁਆਲੇ ਸਫ਼ਾਈ ਕਰਨ ਉਪਰੰਤ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਹੈ।