ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮੂਸਾ ਵਿਖੇ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਜਲੰਧਰ ਵਿਖੇ ਬੇਟੇ ਦੇ ਕਤਲ ਮਾਮਲੇ ਲਈ ਇਨਸਾਫ ਨੂੰ ਲੈ ਕੇ ਹੀ ਸਵਾਲ ਚੁੱਰਕੇ ਗਏ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਗਿਆ ਅਤੇ ਉਹ ਇਨਸਾਫ਼ ਲਈ ਜਲੰਧਰ ਵਿਚ ਪਹੁੰਚੇ ਸਨ। ਆਪਣੇ ਸੰਬੋਧਨ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਹਰ ਵਾਰ ਆਪਣੇ ਪੁੱਤਰ ਦੇ ਅਨੁਸਾਰ ਹੀ ਸਰਕਾਰ ਦੇ ਖਿਲਾਫ਼ ਇਸੇ ਤਰ੍ਹਾਂ ਮੋਰਚਾ ਖੋਲ੍ਹਦੇ ਰਹਿਣਗੇ। ਉਨ੍ਹਾਂ ਸ਼ੋਸ਼ਲ ਮੀਡੀਆ ਉੱਤੇ ਬੋਲਣ ਵਾਲੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਲੋਕਾਂ ਦੇ ਘਰ ਬੇਟੇ ਦੀ ਮੌਤ ਹੋਈ ਹੋਵੇ ਤਾਂ ਪਤਾ ਲੱਗੇਗਾ ਕਿ ਮੌਤ ਦਾ ਦੁੱਖ ਕੀ ਹੁੰਦਾ ਹੈ।
ਮੂਸੇਵਾਲਾ ਨੇ ਕੀਤੀ ਇਕ ਨੰਬਰ ਕਮਾਈ : ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਨੇ ਜੋ ਵੀ ਕਮਾਈ ਕੀਤੀ ਹੈ ਉਹ ਇਕ ਨੰਬਰ ਵਿੱਚ ਕੀਤੀ ਹੈ ਅਤੇ ਕਿਸੇ ਵੀ ਖਾਤੇ ਦੀ ਜਾਂਚ ਜਦੋਂ ਵੀ ਕੋਈ ਚਾਹੇ ਕਰ ਸਕਦਾ ਹੈ। ਇਸਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਵਿਚ ਸਰਕਾਰ ਅਤੇ ਮੀਡੀਆ ਸਲਾਹਕਾਰ ਨੇ ਮੂਸੇਵਾਲਾ ਦੀ ਸਕਿਊਰਿਟੀ ਹਟਾਏ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਪਾ ਕੇ ਗੈਗਸਟਰਾਂ ਨੂੰ ਸਿੱਧੂ ਦਾ ਕਤਲ ਕਰਨ ਦਾ ਮੌਕਾ ਦਿੱਤਾ। ਉਹਨਾਂ ਕਿਹਾ ਕਿ ਸਾਜਿਸ਼ਕਰਤਾ ਅਜੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਇਨਸਾਫ਼ ਦੇਣ ਦੀ ਬਜਾਏ ਬੇਤੁਕੀਆਂ ਬਿਆਨਬਾਜ਼ੀ ਕਰ ਰਹੇ ਹਨ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਜਿੱਤ ਹਾਰ ਦੇ ਲਈ ਨਹੀਂ ਗਿਆ ਕਿਉਂਕਿ ਮੈਂ ਤਾਂ ਪਹਿਲਾਂ ਹੀ ਜ਼ਿੰਦਗੀ ਦੀ ਜੰਗ ਹਾਰ ਚੁੱਕਿਆ ਹਾਂ।
"ਅੱਜ ਮਦਰ ਡੇ ਹੈ ਅਤੇ ਸਿੱਧੂ ਸਾਡੇ ਕੋਲ ਨਹੀਂ ਹੈ ਅਤੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। ਕੁਝ ਲੋਕ ਸੋਸ਼ਲ ਮੀਡੀਆ ਅਤੇ ਗਲਤ ਬਿਆਨਬਾਜ਼ੀ ਕਰਕੇ ਸਾਡਾ ਅਕਸ ਖਰਾਬ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਅਸੀਂ ਆਪਣੇ ਪੁੱਤਰ ਨੂੰ ਇਨਸਾਫ ਦੁਆਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਸੜਕਾਂ ਉੱਤੇ ਆਉਣ ਦੇ ਲਈ ਵੀ ਮਜਬੂਰ ਹੋਵਾਂਗੇ"-ਚਰਨ ਕੌਰ, ਸਿੱਧੂ ਮੂਸੇਵਾਲਾ ਦਾ ਮਾਤਾ