ਮਾਨਸਾ: ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮੂਸਾ ਪਿੰਡ ਪਹੁੰਚਦੇ ਹਨ ਅਤੇ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੇ ਘਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਪਹੁੰਚੇ।
ਇਸ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸਦੇ ਬੇਟੇ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਕਤਲ ਦੇ ਜ਼ਿੰਮੇਵਾਰ ਕੁਝ ਗਾਇਕ ਵੀ ਹਨ ਜੋ ਨਹੀਂ ਚਾਹੁੰਦੇ ਸੀ ਕਿ ਸਿੱਧੂ ਮੂਸੇਵਾਲਾ ਚੰਗਾ ਗਾਵੇ।
ਉਨ੍ਹਾਂ ਕਿਹਾ ਇਹ ਗਾਇਕ ਕਦੇ ਵੀ ਤਰੱਕੀ ਨਹੀਂ ਕਰਨਗੇ ਕਿਉਂਕਿ ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿਚ ਨਹੀਂ ਰਿਹਾ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਇਹ ਵੀ ਕਿਹਾ ਕਿ ਇਕ ਗਰੁੱਪ ਨੇ ਉਸ ਨੂੰ ਗੁੰਮਰਾਹ ਕੀਤਾ, ਇੱਥੋਂ ਤੱਕ ਕਿ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਗਿਆ ਹੈ ਕਿਉਂਕਿ ਉਸ ਨੇ ਇੱਕ ਗੀਤ ਵਿੱਚ ਕਿਹਾ ਸੀ ਕਿ ਜੋ ਲੋਕ ਆਪਣੀ ਘਰਵਾਲੀ ਨੂੰ ਸਾਂਭ ਨਹੀਂ ਸਕਦੇ ਉਹ ਮੈਨੂੰ ਸਲਾਹਾਂ ਦਿੰਦੇ ਹਨ। ਇਸ ਦਾ ਵੀ ਗ਼ਲਤ ਮਤਲਬ ਕੱਢਿਆ ਗਿਆ ਅਤੇ ਸਰਕਾਰ ਨੂੰ ਗੁੰਮਰਾਹ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਕੈਰੀਅਰ ਬਣਾ ਲਿਆ ਸੀ ਤੇ ਕੁਝ ਲੋਕ ਇਹ ਨਹੀਂ ਚਾਹੁੰਦੇ ਸੀ। ਉਹ ਚਾਹੁੰਦੇ ਸਨ ਕਿ ਸਿੱਧੂ ਮੂਸੇ ਵਾਲਾ ਜੋ ਵੀ ਕਰੇ ਸਾਡੇ ਇਸ਼ਾਰੇ 'ਤੇ ਕਰੇ ਪਰ ਉਹ ਜਿੰਨੀ ਦੇਰ ਰਿਹਾ ਅਣਖ ਦੇ ਨਾਲ ਰਿਹਾ ਅਤੇ ਮੈਂ ਵੀ ਜਿੰਨੀ ਦੇਰ ਜ਼ਿੰਦਗੀ ਹੈ ਅਣਖ ਦੇ ਨਾਲ ਹੀ ਜਿਊਂਗਾ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੈਨੇਡਾ ਵਿੱਚ ਪੜ੍ਹਨ ਗਿਆ ਸੀ ਤਾਂ ਉਸਦੇ ਨਾਲ ਕੁਝ ਗਲਤ ਲੋਕ ਉਸ ਦੇ ਨਾਲ ਜੁੜਕੇ ਫ਼ਾਇਦਾ ਲੈਣ ਦੀ ਤਾਕ ਵਿੱਚ ਰਹੇ ਅਤੇ ਕੁਝ ਸਮੇਂ ਬਾਅਦ ਹੀ ਸਾਰਿਆਂ ਦੇ ਨਾਮ ਜਨਤਕ ਕਰਾਂਗਾ ਜੋ ਸਿੱਧੂ ਮੂਸੇਵਾਲਾ ਦੀ ਮੌਤ ਦੇ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਦੋ ਜ਼ਖ਼ਮੀ