ਮਾਨਸਾ: ਡਰੱਗ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਦੇ ਮਾਮਲੇ 'ਚ ਪੁਲਿਸ ਖੁਦ ਫ਼ਸ ਗਈ। ਐਡੀਸ਼ਨਲ ਸ਼ੈਸਨ ਜੱਜ ਮਾਨਸਾ ਨੇ ਤਿੰਨ ਪੁਲਿਸ ਕਰਮੀਆਂ ਨੂੰ 7-7 ਸਾਲ ਦੀ ਸਜਾ ਸੁਣਾਈ ਹੈ। ਤਿੰਨੋਂ ਪੁਲਿਸ ਕਰਚਾਰੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਾਨਸਾ ਪੁਲਿਸ ਦੇ 2 ਸਬ ਇੰਸਪੈਕਟਰ ਅਤੇ 1 ਹਵਲਦਾਰ ਨੇ ਇੱਕ ਦਵਾਈ ਵਿਕ੍ਰੇਤਾ ਬਲਦੇਵ ਸਿੰਘ 'ਤੇ 500 ਗ੍ਰਾਮ ਅਤੇ ਰਮੇਸ਼ ਕੁਮਾਰ ਦਵਾਈ ਵਿਕ੍ਰੇਤਾ 'ਤੇ ਵੀ 700 ਗ੍ਰਾਮ ਨਸ਼ੀਲੇ ਪਦਾਰਥਾਂ ਦਾ ਝੂਠਾ ਕੇਸ ਦਰਜ ਕੀਤਾ ਸੀ। ਇਸ ਝੂਠ ਦਾ ਪਰਦਾਫ਼ਾਸ਼ ਹੋ ਚੁੱਕਾ ਹੈ। ਪੁਲਿਸ ਦੀ ਇਸ ਕਹਾਣੀ ਨੂੰ ਝੂਠਾ ਦੱਸਦੇ ਹੋਏ ਰਮੇਸ਼ ਦੇ ਪਰਿਵਾਰ ਵਾਲਿਆਂ ਨੇ ਅਦਾਲਤ ਵਿੱਚ ਗੁਹਾਰ ਲਗਾਈ ਸੀ। ਪਰਿਵਾਰਕ ਮੈਂਬਰਾਂ ਨੇ ਅਦਾਲਤ ਵਿੱਚ ਆਪਣੀ ਦੁਕਾਨ ਦੀ ਸੀਸੀਟੀਵੀ ਫੁਟੇਜ ਦਿਖਾਈ ਜਿਸ ਵਿੱਚ ਪੁਲਿਸ ਰਮੇਸ਼ ਨੂੰ ਸਿਵਲ ਕੱਪੜਿਆਂ ਵਿੱਚ ਫੜ੍ਹ ਕੇ ਲੈ ਜਾਂਦੀ ਵਿਖਾਈ ਦੇ ਰਹੀ ਹੈ।
ਪੁਲਿਸ ਦੀ ਇਸ ਝੂਠੀ ਕਹਾਣੀ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਗਈ, ਜਿਸ 'ਤੇਫ਼ੈਸਲਾ ਸੁਣਾਉਂਦੇ ਹੋਏ ਐਡੀਸ਼ਨਲ ਸ਼ੈਸਨ ਜੱਜ ਮਾਨਸਾ ਨੇ ਦੋਹਾਂ ਦਵਾਈ ਵਿਕ੍ਰੇਤਾਵਾਂ ਨੂੰ ਬਰੀ ਕਰ ਦਿੱਤਾ, ਜਦੋਂਕਿ ਮਾਮਲਾ ਦਰਜ ਕਰਨ ਵਾਲੇ ਸਬ ਇੰਸਪੈਕਟਰ ਸੇਵਾਮੁਕਤ ਗੁਰਦਰਸ਼ਨ ਸਿੰਘ, ਯਾਦਵਿੰਦਰ ਸਿੰਘ ਤੇ ਇੱਕ ਹਵਲਦਾਰ ਨੂੰ ਦੋਸ਼ੀ ਮੰਨਦੇ ਹੋਏ 7 ਸਾਲ ਦੀ ਸਜਾ ਸੁਣਾਈ ਹੈ। ਅਦਾਲਤ ਦੇ ਫ਼ੈਸਲੇ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਦੋਨੋਂ ਦਵਾਈ ਵਿਕਰੇਤਾ ਨੇ ਦੱਸਿਆ ਕਿ ਪੁਲਿਸ ਨੇ ਝੂਠੀ ਕਹਾਣੀ ਬਣਾ ਕੇ ਉਨ੍ਹਾਂ ਨੂੰ ਡਰੱਗ ਕੇਸ ਵਿੱਚ ਫ਼ਸਾਇਆ ਸੀ, ਜਿਸ 'ਤੇ ਉਨ੍ਹਾਂ ਨੂੰ 9 ਸਾਲ ਦੀ ਲੜਾਈ ਤੋ ਬਾਅਦ ਇਨਸਾਫ ਮਿਲਿਆ ਹੈ।
ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਸਤੀਸ਼ ਮਹਿਤਾ ਨੇ ਦੱਸਿਆ ਕਿ ਬਲਦੇਵ ਸਿੰਘ ਅਤੇ ਰਮੇਸ਼ ਕੁਮਾਰ ਦਵਾਈ ਵਿਕ੍ਰੇਤਾ 'ਤੇ ਜੋਗਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਝੂਠਾ ਕੇਸ ਦਰਜ ਕੀਤਾ ਸੀ ਜਿਸ ਦੀ ਸ਼ਿਕਾਇਤ ਮਾਨਯੋਗ ਅਡੀਸ਼ਨਲ ਸ਼ੈਸਨ ਜੱਜ ਕੋਲ ਕੀਤੀ ਗਈ। ਇਸ 'ਤੇ ਸੁਣਵਾਈ ਕਰਦੇ ਹੋਏ ਅੱਜ ਇਸ ਕੇਸ ਵਿੱਚ ਮਾਨਯੋਗ ਜੱਜ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪੁਲਿਸ ਕਰਮੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ।