ਮਾਨਸਾ: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮਾਨਸਾ ਦੀ ਅਨਾਜ ਮੰਡੀ ਵਿਖੇ ਹੋਈ। ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸੰਗੀਤ ਜਗਤ ਦੇ ਨਾਲ ਜੁੜੀਆਂ ਹਸਤੀਆਂ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸਦੇ ਨਾਲ ਹੀ ਸਰਦਾਰੀਆਂ ਟਰੱਸਟ ਵੱਲੋਂ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਆਉਣ ਵਾਲੇ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੀ ਦਸਤਾਰ ਨੂੰ ਸਿਰ ਉੱਪਰ ਸਜਾ ਕੇ ਦੇਸ਼ਾਂ ਵਿਦੇਸ਼ਾਂ ਤੱਕ ਲੈ ਕੇ ਗਿਆ। ਜਿਨ੍ਹਾਂ ਦੀ ਬਦੌਲਤ ਅੱਜ ਵਿਦੇਸ਼ਾਂ ਦੇ ਵਿੱਚ ਸਰਦਾਰੀ ਕਾਇਮ ਹੈ।
ਉਨ੍ਹਾਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਆਉਣ ਵਾਲੇ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਸੱਜੀਆਂ ਹੋਣ। ਉਨ੍ਹਾਂ ਕਿਹਾ ਕਿ ਇਸਦੇ ਲਈ ਸਰਦਾਰੀਆਂ ਟਰੱਸਟ ਵੱਲੋਂ ਪੰਜ ਜਗ੍ਹਾ ਉੱਪਰ ਕੈਂਪ ਲਗਾ ਕੇ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਦੇ ਜਵਾਰਕੇ 'ਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਉਸ ਨੂੰ ਚਾਹੁਣ ਵਾਲੇ ਸਸਕਾਰ 'ਚ ਵੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਤੱਕ ਸਿੱਧੂ ਮੂਸੇਵਾਲਾ ਦੇ ਪ੍ਰਤੀ ਸੋਗ ਵੀ ਜਾਹਿਰ ਕੀਤਾ ਗਿਆ।
ਇਸ ਤੋਂ ਇਲਾਵਾ ਇਹ ਵੀ ਕਿ ਸਿੱਧੂ ਮੂਸੇਵਾਲਾ ਨੂੰ ਪੱਗ ਅਤੇ ਸਰਦਾਰੀ ਨਾਲ ਪਿਆਰ ਸੀ, ਜਿਸ ਕਾਰਨ ਪਰਿਵਾਰ ਵਲੋਂ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਦੀ ਅੰਤਿਮ ਅਰਦਾਸ 'ਚ ਪੱਗ ਬੰਨ੍ਹ ਕੇ ਜ਼ਰੂਰ ਆਉਣ। ਇਸ ਦੇ ਨਾਲ ਹੀ ਸਿੱਧੂ ਦੀ ਮਾਤਾ ਵਲੋਂ ਇਹ ਵੀ ਅਪੀਲ ਕੀਤੀ ਕਿ ਗਈ ਕਿ ਹਰ ਨੌਜਵਾਨ ਅੱਗੇ ਵੀ ਸਿਰਾਂ 'ਤੇ ਦਸਤਾਰਾਂ ਜ਼ਰੂਰ ਸਜਾਵੇ।
ਇਹ ਵੀ ਪੜ੍ਹੋ: "ਜਿੰਨੀ ਹਿੰਮਤ ਨਾਲ ਪੁੱਤ ਦਾ ਸਸਕਾਰ ਕੀਤਾ, ਉੰਨੀ ਹਿੰਮਤ ਨਾਲ ਸਿੱਧੂ ਨੂੰ ਲੋਕਾਂ ਨਾਲ ਜੋੜ ਕੇ ਰੱਖਾਂਗਾ"