ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਤੇਜ਼ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਵੀ ਉਨ੍ਹਾਂ ਦੀਆਂ ਫਸਲਾਂ ਵਾਂਗ ਮੁਰਝਾ ਗਏ ਹਨ। ਕਿਸਾਨਾਂ ਦੀ ਭਰ ਜੋਬਨ ਕਣਕ ਦੀ ਫਸਲ 'ਤੇ ਇਹ ਗੜੇਮਾਰੀ ਇੰਝ ਮਾਰ ਕਰ ਰਹੀ ਹੈ ਜਿਵੇਂ ਕੁਦਰਤ ਉਨ੍ਹਾਂ ਦੀ ਮਿਹਨਤ 'ਤੇ ਪਾਣੀ ਫੇਰ ਰਹੀ ਹੋਵੇ।
ਇਸ ਮੀਂਹ ਅਤੇ ਗੜੇਮਾਰੀ ਨਾਲ ਜਿਥੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਹੀ ਪੰਜਾਬ ਵਿੱਚ ਠੰਡ ਦੀ ਮੁੜ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਲੋਕ ਅਲਮਾਰੀਆਂ ਵਿੱਚ ਸੰਭਾਲ ਚੁੱਕੇ ਆਪਣੇ ਕੋਟੀਆਂ-ਸਵੈਟਰ ਮੁੜ ਤੋਂ ਕੱਢਣ ਲਈ ਮਜਬੂਰ ਹੋ ਗਏ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਵਾਪਸੀ, "ਜਿੱਤੇਗਾ ਪੰਜਾਬ" ਰਾਹੀਂ ਟਟੋਲਣਗੇ ਲੋਕਾਂ ਦੀ ਨਬਜ਼
ਕਣਕ ਦੀ ਫਸਲ ਦੇ ਹੋ ਰਹੇ ਨੁਕਸਾਨ ਬਾਰੇ ਸੰਗਰੂਰ ਦੇ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਏਕੜ ਫਸਲ ਝਖੜ ਅਤੇ ਗੜੇਮਾਰੀ ਕਾਰਨ ਡਿੱਗ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੜੇ ਛੋਟੇ ਹੋਣ ਕਰਕੇ ਫਿਲਹਾਲ ਕਣਕ ਦਾ ਨੁਕਸਾਨ ਘੱਟ ਹੋਇਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਦੇਸ਼ ਜਾਰੀ ਕੀਤੇ ਹਨ ਕਿ ਨੁਕਸਾਨ ਦਾ ਜਾਇਜ਼ਾ ਕੀਤਾ ਜਾਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੌਸਮ ਸਮਾਂ ਰਹਿੰਦੇ ਠੀਕ ਨਾ ਹੋਇਆ ਤਾਂ ਫਸਲਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ।