ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ। ਪੰਜਾਬ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਲੋਕਾਂ ਸਣੇ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਈਟੀਵੀ ਭਾਰਤ ਨੇ ਮਾਨਸਾ ਦੇ ਵਪਾਰੀਆਂ ਨਾਲ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੇ ਸਰਕਾਰ ਦੇ ਵਾਅਦੇ ਮੁਤਾਬਕ ਬਿਜਲੀ ਤੇ ਹੋਰਨਾਂ ਟੈਕਸ ਛੂਟਾਂ ਮਿਲਣ ਸਬੰਧੀ ਖ਼ਾਸ ਗੱਲਬਾਤ ਕੀਤੀ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਵਪਾਰੀਆਂ ਤੇ ਮੱਧਮ ਵਰਗ ਦੇ ਲੋਕਾਂ ਨੇ ਪੰਜਾਬ ਸਰਕਾਰ 'ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਏ। ਵਪਾਰੀਆਂ ਨੇ ਕਿਹਾ ਕਿ ਕਾਂਗਰਸ ਦੇ ਵਾਅਦੇ ਮੁਤਾਬਕ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਤੇ ਟੈਕਸਾਂ ਵਿੱਚ ਛੂਟ ਮਿਲਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਹੋਇਆ। ਸਗੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਪਾਰੀਆਂ 'ਤੇ ਟੈਕਸ ਵਧਾਏ ਜਾ ਰਹੇ ਹਨ। ਵਪਾਰੀਆਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੈਅਸਟੀ,ਗਊ ਸੈਸ ਸਣੇ ਹੋਰਨਾਂ ਕਈ ਟੈਕਸਾਂ 'ਚ ਵਾਧਾ ਕਰ ਦਿੱਤਾ ਗਿਆ। ਪੈਟਰੋਲ-ਡੀਜ਼ਲ ਦੇ ਵਧ ਰਹੇ ਰੇਟਾਂ ਕਾਰਨ ਉਹ ਕੱਚੇ ਮਾਲ ਦੀ ਦੁਆਈ ਲਈ ਜਿਆਦਾ ਪੈਸੇ ਖਰਚਦੇ ਹਨ। ਉਨ੍ਹਾਂ ਕਿਹਾ ਕਿ ਉਹ ਜਿਨ੍ਹਾਂ ਟੈਕਸ ਭਰਦੇ ਹਨ, ਉਸ ਮੁਤਾਬਕ ਰਿਕਵਰੀ ਘੱਟ ਹੁੰਦੀ ਹੈ। ਜਿਸ ਦੇ ਚਲਦੇ ਉਨ੍ਹਾਂ ਦਾ ਵਪਾਰ ਮੰਦਾ ਪੈ ਰਿਹਾ ਹੈ।
ਆਮ ਲੋਕਾਂ ਤੇ ਵਪਾਰੀਆਂ ਨੇ ਕਿਹਾ ਕਿ ਰਸੋਈ ਗੈਸ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਲ ਦੀਆਂ ਕੀਮਤਾਂ ਵੱਧਣ ਨਾਲ ਕੱਚੇ ਮਾਲ ਦੀ ਢੁਹਾਈ ਮਹਿੰਗੀ ਪੈ ਰਹੀ ਹੈ। ਇਸ ਦੇ ਚਲਦੇ ਮੱਧਮ ਵਰਗ ਦੇ ਵਪਾਰੀਆਂ ਦਾ ਕੰਮ ਮੰਦਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਵਪਾਰੀ ਵਰਗ ਤੇ ਆਮ ਵਰਗ ਨੂੰ ਧਿਆਨ 'ਚ ਰੱਖ ਕੇ ਬਜਟ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਪਾਰੀਆਂ ਨੂੰ ਟੈਕਸ 'ਚ ਰਿਆਇਤਾਂ ਦਵੇ ਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਨਵੀਆਂ ਸਕੀਮਾਂ ਲੈ ਕੇ ਆਏ।