ਮਾਨਸਾ : ਮੰਡੀਆਂ ਵਿਚ ਕਣਕ ਦੀ ਖਰੀਦ ਜਾਰੀ ਹੈ ਪਰ ਮਾਨਸਾ ਦੀ ਆਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਕਿਸਾਨ ਖ਼ਰੀਦ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਪਰ ਮਾਨਸਾ ਦੀ ਆਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ।
ਵਪਾਰੀ ਹੋ ਰਹੇ ਪਰੇਸ਼ਾਨ : ਮਾਨਸਾ ਦੀ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧਾਂ ਤੋਂ ਕਿਸਾਨ ਅਤੇ ਵਪਾਰੀ ਸੰਤੁਸ਼ਟ ਦਿਖਾਈ ਦੇ ਰਹੇ ਹਨ ਪਰ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਕਾਰਨ ਅਤੇ ਮਜ਼ਦੂਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਣਕ ਦੀ ਖਰੀਦ ਪ੍ਰਬੰਧ ਵਧੀਆ ਸਨ ਜਿਸ ਕਾਰਨ ਕਿਸਾਨਾਂ ਨੂੰ ਕਣਕ ਵੇਚਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਪਰ ਹੁਣ ਲਿਫਟਿੰਗ ਨਾ ਹੋਣ ਕਾਰਨ ਵਪਾਰੀਆਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਖਰੀਦ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਹੁਣ ਇੱਕਾ-ਦੁੱਕਾ ਕਿਸਾਨ ਹੀ ਲੈ ਕੇ ਆ ਰਹੇ ਹਨ ਫਿਲਹਾਲ ਕਣਕ ਦੀ ਖਰੀਦ ਪੂਰੀ ਹੋਣ ਕਿਨਾਰੇ ਹੈ।
ਮਜ਼ਦੂਰ ਸਾਂਭ ਰਹੇ ਕਣਕ : ਉਨ੍ਹਾਂ ਕਿਹਾ ਕਿ ਕਣਕ ਅਜੇ ਮੰਡੀਆਂ ਦੇ ਵਿੱਚ ਰੁਲ ਰਹੀ ਹੈ ਕਿਉਂਕਿ ਲਿਫਟਿੰਗ ਦੇ ਲਈ ਨਾ ਤਾਂ ਟਰੱਕ ਮਿਲ ਰਹੇ ਹਨ ਅਤੇ ਨਾ ਹੀ ਕੋਈ ਹੋਰ ਢੁੱਕਵਾਂ ਪ੍ਰਬੰਧ ਹੋ ਰਿਹਾ ਹੈ। ਉਧਰ ਮਜ਼ਦੂਰਾਂ ਦਾ ਵੀ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਮੰਡੀਆਂ ਦੇ ਵਿਚ ਵਿਹਲੇ ਬੈਠੇ ਕਣਕ ਦੀ ਰਖਵਾਲੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹਨਾਂ ਨੂੰ ਮਜ਼ਦੂਰੀ ਨਹੀਂ ਬਣ ਰਹੀ ਸਗੋਂ ਉਹ ਆਪਣੇ ਪੱਲਿਓਂ ਮੰਡੀ ਦੇ ਵਿੱਚ ਬਹਿ ਕੇ ਖਰਚਾ ਕਰ ਰਹੇ ਹਨ। ਜੇਕਰ ਲਿਫਟਿੰਗ ਹੋ ਜਾਵੇ ਤਾਂ ਉਹ ਵੀ ਜਲਦ ਆਪਣੇ ਘਰਾਂ ਨੂੰ ਚਲੇ ਜਾਣ। ਜੇਕਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਇਸ ਵਾਰ ਵਧੀਆ ਹਨ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਹਨ ਅਤੇ ਜਲਦ ਹੀ ਵੇਚ ਕੇ ਆਪਣੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਮੰਡੀ ਦੇ ਵਿੱਚ ਵੇਚੀ ਗਈ ਕਣਕ ਦੀ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ।
ਮੰਡੀ ਅਫਸਰ ਦਾ ਦਾਅਵਾ : ਇਸ ਮਾਮਲੇ ਉੱਤੇ ਮਾਨਸਾ ਜ਼ਿਲ੍ਹਾ ਮੰਡੀ ਅਫਸਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਛੇ ਮਾਰਕੀਟ ਕਮੇਟੀਆਂ ਹਨ ਅਤੇ ਇਸ ਵਾਰ ਮਾਨਸਾ ਜਿਲ੍ਹੇ ਦਾ ਟਾਰਗੇਟ 6 ਲੱਖ 40 ਹਜਾਰ ਟਨ ਦਾ ਸੀ, ਜਿਸ ਵਿੱਚੋ 5 ਲੱਖ 58 ਹਜਾਰ ਟਨ ਕਣਕ ਆ ਚੁੱਕੀ ਹੈ ਅਤੇ 5 ਲੱਖ 56 ਹਜਾਰ 900 ਟਨ ਦੀ ਖਰੀਦ ਹੋ ਚੁੱਕੀ ਹੈ। ਇਸ ਵਿਚੋਂ 3 ਲੱਖ 93 ਹਜਾਰ, (70) ਫੀਸਦੀ ਲਿਫਟਿੰਗ ਹੋ ਚੁੱਕੀ ਹੈ ਤੇ 30 ਫੀਸਦੀ ਲਿਫਟਿੰਗ ਦੋ ਦਿਨਾਂ ਤੱਕ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆ ਰਹੀ ਅਤੇ ਖਰੀਦ ਪ੍ਰਬੰਧ ਵੀ ਵਧੀਆ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲਿਫਟਿੰਗ ਦੀ ਸਮੱਸਿਆ ਜ਼ਰੂਰ ਆ ਰਹੀ ਹੈ।