ਮਾਨਸਾ: ਸ਼ਹਿਰ ਦੇ ਚਕੇਰੀਆਂ ਰੋਡ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ ਤੋਂ ਪੈਦਲ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਅਤੇ ਸ਼ਹਿਰ ਵਾਸੀ ਸੜਕ ਦੀ ਖ਼ਸਤਾ ਹਾਲਤ ਤੋਂ ਬਹੁਤ ਦੁਖੀ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਖ਼ਸਤਾ ਹਾਲ ਸੜਕ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਦੱਸਿਆ ਕਿ ਇਹ ਚਕੇਰੀਆਂ ਫਾਟਕ ਤੋਂ ਗਾਂਧੀ ਸਕੂਲ ਤੱਕ ਰਸਤਾ ਹੈ ਅਤੇ ਇੱਥੋਂ ਦੀ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕ ਲੰਘਦੇ ਹਨ । ਉਨ੍ਹਾਂ ਕਿਹਾ ਇਸ ਸੜਕ 'ਤੇ 10 ਤੋਂ 11 ਵਾਰਡ ਪੈਂਦੇ ਨੇ ਜਿਸ ਵਿੱਚ ਬੱਸ ਸਟੈਂਡ ਤੋਂ ਲੈ ਕੇ ਚਕੇਰੀਆਂ ਫਾਟਕ ਤੱਕ ਅਤੇ ਇਹੀ ਸਿਵਲ ਹਸਪਤਾਲ ਨੂੰ ਜਾਣ ਅਤੇ ਬੁਢਲਾਡਾ ਸ਼ਹਿਰ ਨੂੰ ਜਾਣ ਲਈ ਲੋਕ ਇਸ ਰਾਹ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਖ਼ਸਤਾ ਹਾਲ ਸੜਕ ਬਾਰੇ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਨ ਕਿ ਸੀਵਰੇਜ ਦਾ ਹੱਲ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਸਵਿਰੇਜ ਨੂੰ ਠੀਕ ਕਰਨ ਤੋਂ ਨਗਰ ਕੌਂਸਲ ਦੇ ਅਧਿਕਾਰੀ ਫੰਡਾਂ ਦੀ ਘਾਟ ਦੱਸ ਪੱਲਾ ਝਾੜ ਲੈਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਸ ਦਾ ਹੱਲ ਸੀਵਰੇਜ ਬੋਰਡ ਹੀ ਕਰੇਗਾ।
ਸ਼ਹਿਰ ਵਾਸੀ ਅਮਨ ਨੇ ਕਿਹਾ ਕਿ ਇਹ ਮੁੱਖ ਰਸਤਾ ਹੈ ਅਤੇ ਪਿੰਡਾਂ ਦੇ ਲੋਕ ਵੀ ਇਸੇ ਰਸਤੇ ਆਉਂਦੇ ਹਨ। ਇਸ ਦੇ ਨਾਲ ਹੀ ਕ੍ਰਿਕਟ ਸਟੇਡੀਅਮ ਹੈ ਜਿੱਥੇ ਸਵੇਰੇ ਸ਼ਾਮ ਨੂੰ ਬੱਚੇ ਪ੍ਰੈਕਟਿਸ ਕਰਨ ਦੇ ਲਈ ਆਉਂਦੇ ਹਨ ਅਤੇ ਲੋਕ ਸਵੇਰੇ ਯੋਗਾ ਕਰਨ ਦੇ ਲਈ ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਰਸਤੇ ਨੂੰ ਬਣਾਇਆ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਰੋਡ ਨੂੰ ਜਲਦ ਠੀਕ ਨਹੀਂ ਕਰਵਾਉਂਦਾ ਤਾਂ ਮਜਬੂਰਨ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ।