ਮਾਨਸਾ: ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਕਈ ਵੱਡੇ ਕਦਮ ਚੁੱਕ ਰਹੀ ਹੈ ਜਿਸ ਤਹਿਤ ਮਾਨਸਾ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਕਮਰ ਕਸ ਲਈ ਹੈ। ਨਸ਼ਿਆਂ ਲਈ ਬਦਨਾਮ ਮਾਨਸਾ ਦੇ ਪਿੰਡ ਨਰਿੰਦਰਪੁਰਾ 'ਚ ਹੁਣ ਨਸ਼ੇ ਦੇ ਖਾਤਮੇ ਦੇ ਲਈ ਪੁਲਿਸ ਚੌਕੀ ਬਣਾਈ ਗਈ ਹੈ।
ਪਿੰਡ ਨਰਿੰਦਰਪੁਰਾ, ਜੋ ਨਸ਼ੇ ਦੇ ਮਾਮਲੇ ਵਿੱਚ ਪ੍ਰਸਿੱਧ ਹੈ, ਦੇ ਵਾਸੀ ਸਿਰਫ਼ ਨਸ਼ੇ ਦਾ ਕਾਰੋਬਾਰ ਹੀ ਕਰਦੇ ਹਨ ਤੇ ਇਨ੍ਹਾਂ ਵਿਰੁੱਧ ਦਰਜਨਾਂ ਦੇ ਕਰੀਬ ਮਾਮਲੇ ਦਰਜ ਹਨ। ਇਸ ਪਿੰਡ ਵਿੱਚ ਕੋਈ ਵੀ ਆਪਣੇ ਧੀ ਪੁੱਤ ਦਾ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਇਸ ਦਾਗ਼ ਨੂੰ ਧੋਣ ਦੇ ਲਈ ਹੁਣ ਪਿੰਡ ਦੇ ਕੁੱਝ ਲੋਕਾਂ ਦੀ ਅਪੀਲ 'ਤੇ ਇੱਥੇ ਪੱਕੇ ਤੌਰ ਤੇ ਪੁਲਿਸ ਚੌਕੀ ਬਣਵਾ ਦਿੱਤੀ ਗਈ ਹੈ। ਪੁਲਿਸ ਵੱਲੋਂ ਹੁਣ ਪਿੰਡ 'ਚ ਗਸ਼ਤ ਕੀਤੀ ਜਾਂਦੀ ਹੈ।
ਦੱਸਣਯੋਗ ਹੈ ਕਿ ਪਿੰਡ ਨਰਿੰਦਰਪੁਰਾ ਵਿੱਚ ਇੱਕ ਵਿਸ਼ੇਸ਼ ਬਿਰਾਦਰੀ ਦੇ ਲੋਕ ਸਿਰਫ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਜੋ ਸਿਰਫ਼ ਇਹੋ ਧੰਦਾ ਕਰਦੇ ਹਨ। ਪੁਲਿਸ ਨੇ ਇਸ ਬਿਰਾਦਰੀ ਦੇ ਲੋਕਾਂ 'ਤੇ 5 ਦਰਜਨਾਂ ਦੇ ਕਰੀਬ ਮਾਮਲੇ ਦਰਜ ਕੀਤੇ ਹਨ ਪਰ ਫ਼ਿਰ ਵੀ ਨਸ਼ੇ ਦਾ ਕਾਰੋਬਾਰ ਇਸ ਪਿੰਡ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਪਿੰਡ ਇੰਨਾ ਬਦਨਾਮ ਹੈ ਕਿ ਇੱਥੇ ਕੋਈ ਵੀ ਆਪਣੇ ਲੜਕੇ ਲੜਕੀ ਦਾ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਬਹੁਤ ਸਾਰੇ ਨੌਜਵਾਨਾਂ ਦਾ ਰਿਸ਼ਤਾ ਇਸ ਪਿੰਡ ਦੀ ਬਦਨਾਮ ਛਵੀ ਕਾਰਨ ਟੁੱਟ ਗਿਆ ਕਿਉਂਕਿ ਇਸ ਪਿੰਡ ਦੇ ਨੌਜਵਾਨਾਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ।
ਪਿੰਡ ਦੇ ਲੋਕਾਂ ਨੇ ਮਾਨਸਾ ਪੁਲਿਸ ਦੇ ਕੋਲ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਵਿੱਚ ਪੁਲਿਸ ਚੌਕੀ ਬਣਾ ਦਿੱਤੀ ਜਾਵੇ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪੁਲਿਸ ਦੀ ਪੱਕੀ ਚੌਕੀ ਬਣਾ ਦਿੱਤੀ ਹੈ ਜਿਸ ਦੇ ਚਲਦੇ ਪੁਲਿਸ ਇਸ ਬਿਰਾਦਰੀ ਦੇ ਲੋਕਾਂ 'ਤੇ ਵਿਸ਼ੇਸ਼ ਨਜ਼ਰ ਰੱਖ ਰਹੀ ਹੈ ਤੇ ਤਲਾਸ਼ੀ ਅਭਿਆਨ ਵੀ ਚਲਾਇਆ ਜਾਂਦਾ ਹੈ ਤਾਂ ਕਿ ਬਾਹਰੋਂ ਨਸ਼ਾ ਪਿੰਡ ਵਿੱਚ ਨਾ ਆ ਸਕੇ।
ਚੌਕੀ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਬਹੁਤ ਸਾਰੇ ਲੋਕ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਹਨ ਜਿਨ੍ਹਾਂ ਨੂੰ ਕਾਬੂ ਕਰਨ ਦੇ ਲਈ ਉਨ੍ਹਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਲਦ ਹੀ ਇਸ ਪਿੰਡ ਵਿੱਚੋਂ ਨਸ਼ੇ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ।