ਮਾਨਸਾ: ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੋਹਾ ਖੇਤਰ ਵਿੱਚ ਚਾਰ ਸੌ ਤੋਂ ਜ਼ਿਆਦਾ ਗਰੀਬ ਲਾਭਪਾਤਰੀ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਅਤੇ ਪੁਰਾਣਿਆਂ ਦੀ ਮੁਰੰਮਤ ਕਰਨ ਦੇ ਲਈ ਦਿੱਤੇ ਮਨਜ਼ੂਰੀ ਪੱਤਰ ਤੋਂ ਬਾਅਦ ਇਨ੍ਹਾਂ ਗ਼ਰੀਬ ਪਰਿਵਾਰਾਂ ਨੇ ਆਪਣੇ ਮਕਾਨ ਢਾਹ ਲਏ ਸਨ ਪਰ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਇੱਕ ਜਾਂ ਦੋ ਕਿਸ਼ਤਾਂ ਹੀ ਦਿੱਤੀਆਂ ਗਈਆਂ। ਕਈ ਪਰਿਵਾਰਾਂ ਨੂੰ ਤਾਂ ਸਰਕਾਰ ਦਾ ਧੇਲਾ ਵੀ ਨਸੀਬ ਨਹੀਂ ਹੋਇਆ, ਜਿਸ ਕਾਰਨ ਇਨ੍ਹਾਂ ਗਰੀਬ ਪਰਿਵਾਰਾਂ ਦੇ ਮਕਾਨ ਅਧੂਰੇ ਪਏ ਹਨ ਅਤੇ ਇਹ ਗਰੀਬ ਪਰਿਵਾਰ ਠੰਡ ਦੀਆਂ ਰਾਤਾਂ ਵਿੱਚ ਖੁੱਲ੍ਹੇ ਆਸਮਾਨ 'ਚ ਰਾਤਾਂ ਕੱਟਣ ਲਈ ਮਜਬੂਰ ਹਨ।
2019 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਨਵੇਂ ਮਕਾਨ ਬਣਾਉਣ ਅਤੇ ਪੁਰਾਣਿਆਂ ਦੀ ਮੁਰੰਮਤ ਕਰਨ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੋਹਾ ਖੇਤਰ ਵਿੱਚ ਚਾਰ ਸੌ ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਦਿੱਤੇ ਗਏ ਸਨ, ਜਿਸ ਦੀ ਉਮੀਦ ਵਿੱਚ ਇਨ੍ਹਾਂ ਪਰਿਵਾਰਾਂ ਵੱਲੋਂ ਆਪਣੇ ਮਕਾਨ ਢਾਹ ਲਏ ਗਏ ਪਰ ਉਸ ਤੋਂ ਬਾਅਦ ਕੁਝ ਪਰਿਵਾਰਾਂ ਨੂੰ ਇੱਕ ਜਾਂ ਦੋ ਕਿਸ਼ਤਾਂ ਹੀ ਮਿਲੀਆਂ ਅਤੇ ਕਈ ਪਰਿਵਾਰਾਂ ਨੂੰ ਤਾਂ ਸਰਕਾਰ ਵੱਲੋਂ ਇਸ ਰਾਸ਼ੀ ਤਹਿਤ ਕੁਝ ਵੀ ਨਸੀਬ ਨਹੀਂ ਹੋਇਆ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਡੇਢ ਸਾਲ ਤੋਂ ਉਨ੍ਹਾਂ ਦੇ ਮਕਾਨ ਇਸੇ ਤਰ੍ਹਾਂ ਹੀ ਪਏ ਹਨ ਅਤੇ ਅਧਿਕਾਰੀਆਂ ਵੱਲੋਂ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਠੰਢ ਦੀਆਂ ਰਾਤਾਂ ਵਿੱਚ ਖੁੱਲ੍ਹੇ ਅਸਮਾਨ 'ਚੋਂ ਜ਼ਿੰਦਗੀ ਬਤੀਤ ਕਰ ਰਹੇ ਹਨ। ਪੀੜਤ ਦਾ ਕਹਿਣਾ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੇ ਵੀ ਬਹੁਤ ਗੇੜੇ ਮਾਰ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ।
ਉਧਰ ਸਮਾਜ ਸੇਵੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਜਲਦ ਤੋਂ ਜਲਦ ਮਕਾਨ ਬਣਾਉਣ ਦੇ ਲਈ ਕਿਸ਼ਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਠੰਢ ਦੀਆਂ ਰਾਤਾਂ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਕਈ ਪਰਿਵਾਰਾਂ ਦੇ ਲੋਕ ਤਾਂ ਠੰਡ ਦੇ ਕਾਰਨ ਆਪਣੀ ਜ਼ਿੰਦਗੀ ਵੀ ਗਵਾ ਚੁੱਕੇ ਹਨ।
ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮਕਾਨ ਬਣਾਉਣ ਦੇ ਲਈ ਡੇਢ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਦੋਂ ਕਿ ਮਕਾਨ ਬਣਾਉਣ ਦੇ ਲਈ ਨੀਂਹ ਬਣਾ ਲਈ ਤੇ ਲੋਕਾਂ ਨੇ ਆਪਣੇ ਮਕਾਨ ਢਾਹ ਦਿੱਤੇ।
ਉਨ੍ਹਾਂ ਕਿਹਾ ਕਿ ਲੋਕ ਸਰਦੀ ਵਿੱਚ ਬਾਹਰ ਟੈਂਟ ਲਗਾ ਕੇ ਰਾਤਾਂ ਕੱਟ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ ਚੀਫ਼ ਸੈਕਟਰੀ ਨੂੰ ਮਿਲ ਚੁੱਕੇ ਹਨ ਅਤੇ ਦੋ ਕਿਸ਼ਤਾਂ ਨੂੰ ਅਤੇ ਤੀਸਰੀ ਕਿਸ਼ਤ ਨੂੰ ਦੇਣ ਸਬੰਧੀ ਗੱਲ ਕੀਤੀ ਹੈ। ਚੀਫ ਸੈਕਟਰੀ ਨੇ ਕਿਹਾ ਕਿ ਉਨ੍ਹਾਂ ਕੋਲ ਦੇਣ ਲਈ ਪੈਸੇ ਨਹੀਂ ਹਨ।
ਇਹ ਵੀ ਪੜੋ: ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦਾ ਸ਼ਾਨਮੱਤਾ ਇਤਿਹਾਸ
ਨਗਰ ਪੰਚਾਇਤ ਬੋਹਾ ਦੇ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਇਸ ਯੋਜਨਾ ਨੂੰ ਬਹੁਤ ਚੰਗੇ ਤਰੀਕੇ ਨਾਲ ਲਾਗੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਫਾਈਲਾਂ ਵਿੱਚ ਕਮੀ ਸੀ ਉਨ੍ਹਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਫਾਈਲਾਂ ਵਿੱਚ ਕਾਗਜ਼ਾਤ ਪੂਰੇ ਹਨ ਉਨ੍ਹਾਂ ਫਾਈਲਾਂ ਨੂੰ 99 ਫੀਸਦੀ ਤੱਕ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਕਾਇਆ ਹਨ ਅਤੇ ਉਨ੍ਹਾਂ ਨੂੰ ਚੈੱਕ ਕਰਕੇ ਕੋਈ ਮਕਾਨ ਨਹੀਂ ਰਹਿਣ ਦਿੱਤਾ ਜਾਵੇਗਾ, ਜਿਸ ਨੂੰ ਪੈਸੇ ਨਹੀਂ ਮਿਲੇ ਉਨ੍ਹਾਂ ਨੂੰ ਜਲਦ ਹੀ ਯੋਜਨਾ ਦੇ ਤਹਿਤ ਲਾਭ ਪਹੁੰਚਾਇਆ ਜਾਵੇਗਾ।