ਮਾਨਸਾ: ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਪੱਧਰ ਉੱਤੇ ਅਤੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਾਨਸਾ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਮਨਾਇਆ ਗਿਆ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਮਾਨਸਾ ਸ਼ਹਿਰ ਵਿਚ ਮਾਰਚ ਕਰਕੇ ਇਨਕਲਾਬ ਦੇ ਨਾਅਰੇ ਲਗਾਉਂਦੇ ਹੋਏ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਮਾਲਾਵਾਂ ਪਹਿਨਾਈਆ ਗਈਆਂ।
ਮਾਨਸਾ ਸ਼ਹਿਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਕਚਹਿਰੀ ਤੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਕੁਰਬਾਨ ਕਰ ਗਏ ਸਨ। ਬੇਸ਼ੱਕ ਉਨ੍ਹਾਂ ਨੇ ਸਾਨੂੰ ਬੋਲਣ ਦੀ ਆਜ਼ਾਦੀ ਦਵਾ ਦਿੱਤੀ ਹੈ, ਪਰ ਅਜੇ ਵੀ ਆਰਥਿਕ ਤੌਰ 'ਤੇ ਆਜ਼ਾਦੀ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਵੀ ਜਾਨ ਕੁਰਬਾਨ ਕਰਨ ਵੇਲੇ ਇਹੀ ਸੁਨੇਹਾ ਦਿੱਤਾ ਸੀ ਕਿ ਅਸੀਂ ਦੇਸ਼ ਆਜ਼ਾਦ ਕਰਵਾ ਚੱਲੇ ਹਾਂ ਅਤੇ ਰਹਿੰਦੇ ਕਾਰਜ ਹੁਣ ਤੁਸੀਂ ਪੂਰੇ ਕਰਨੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚੋਂ ਗੋਰੇ ਅੰਗਰੇਜ਼ਾਂ ਨੂੰ ਤਾਂ ਬਾਹਰ ਕਰ ਦਿੱਤਾ, ਪਰ ਦੇਸ਼ ਵਿੱਚ ਕਾਲੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਹੈ। ਜਿਨ੍ਹਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਵੱਲੋਂ ਪਾਏ ਪੂਰਨਿਆਂ ਉੱਤੇ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਅੰਨਗੜ੍ਹ ਵਿਚ ਨੌਜਵਾਨ ਵੱਲੋਂ ਨਸ਼ਾ ਵੇਚਣ ਦੀ ਵੀਡੀਓ ਵਾਇਰਲ