ਮਾਨਸਾ: ਬਿਹਤਰ ਜ਼ਿੰਦਗੀ ਦੀ ਆਸ ਦੇ ਲਈ ਆਪਣੇ ਪਿੰਡ ਤੇ ਘਰ ਤੋਂ ਦੂਰ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਫੈਲਣ ਦੇ ਕਾਰਨ ਲੱਗੇ ਕਰਫ਼ਿਊ ਵਿੱਚ ਫਸੇ ਹੋਏ ਹਨ। ਇਹ ਪਰਵਾਸੀ ਮਜ਼ਦੂਰ ਜਿੱਥੇ ਕੰਮਕਾਜ ਬੰਦ ਹੋਣ ਤੋਂ ਪ੍ਰੇਸ਼ਾਨ ਹਨ, ਉਥੇ ਹੀ ਪਿੱਛੇ ਰਹਿੰਦੇ ਪਰਿਵਾਰਾਂ ਦੇ ਲਈ ਵੀ ਚਿੰਤਤ ਹਨ। ਅਜਿਹੇ ਵਿੱਚ ਉਹ ਹਰ ਹਾਲਤ ਵਿੱਚ ਆਪਣੇ-ਆਪਣੇ ਘਰ ਪਹੁੰਚਣਾ ਚਾਹੁੰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਵਾਪਿਸ ਘਰ ਜਾਣ ਦਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇ।
ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਰਹੇ ਪ੍ਰਵਾਸੀ ਮਜ਼ਦੂਰ ਲੌਕਡਾਊਨ ਤੇ ਕਰਫਿਊ ਦੇ ਬਾਅਦ ਕੰਮਕਾਜ਼ ਬੰਦ ਹੋਣ ਕਾਰਨ ਪ੍ਰੇਸ਼ਾਨ ਬੈਠੇ ਹਨ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਵੀ ਚਿੰਤਤ ਹਨ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮਾਨਸਾ ਵਿਖੇ ਰਹਿ ਰਹੇ ਹਨ ਅਤੇ ਹੁਣ ਲੌਕਡਾਊਨ ਦੇ ਕੰਮਕਾਜ ਬੰਦ ਹੋਣ ਕਾਰਨ ਉਨ੍ਹਾਂ ਦੇ ਖਾਣ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਜੋ ਪੈਸੇ ਸੀ, ਉਹ ਵੀ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਵਾਪਿਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਲਈ ਸ਼ੈਲਟਰ ਹੋਮ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਲੋਕ ਚਾਹੇ ਤਾਂ ਸੈਲਟਰ ਹੋਮ ਵਿੱਚ ਰਹਿ ਸਕਦੇ ਹਨ। ਜਿੱਥੋਂ ਤੱਕ ਖਾਣ ਦਾ ਸਵਾਲ ਹੈ ਪਹਿਲਾਂ ਲੰਗਰ ਦੀ ਵਿਵਸਥਾ ਕੀਤੀ ਗਈ ਸੀ ਤੇ ਹੁਣ ਉਨ੍ਹਾਂ ਰਾਸ਼ਨ ਮੁਹੱਈਆ ਕਰਵਾ ਦਿੱਤਾ ਹੈ। ਉਨ੍ਹਾਂ ਪਿੰਡ ਵਾਪਸ ਜਾਣ ਦੇ ਸਵਾਲ 'ਤੇ ਕਿਹਾ ਕਿ ਇੰਟਰਸਟੇਟ ਸੁਵਿਧਾ ਬੰਦ ਹੋਣ ਕਾਰਨ ਇਹ ਸੰਭਵ ਨਹੀਂ ਹੈ।