ਮਾਨਸਾ: ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਬੁਢਲਾਡਾ ਵਾਸੀਆਂ ਅਤੇ ਪਿੰਡ ਚੱਕ ਭਾਈਕੇ ਦੇ ਆਸ-ਪਾਸ ਦੇ ਪਿੰਡਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਤੇ ਬੱਚਿਆਂ ਲਈ ਪਿਕਨਿਕ ਦਾ ਇੱਕ ਸਥਾਨ ਤਿਆਰ ਕਰਨ ਲਈ ਇੱਕ ਉਪਰਾਲਾ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਚੱਕ ਭਾਈਕੇ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਜੋ ਕਿ ਕਰੀਬ 42 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਇੱਕ ਨੇਚਰ ਵਾਕ ਬਣਾਉਣ ਦੀ ਤਜਵੀਜ ਉਲੀਕੀ ਗਈ ਹੈ, ਜਿਸ ਵਿੱਚ ਆਮ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜੰਗਲ ਵਿੱਚ ਹੋਰ ਪੌਦੇ ਲਗਾ ਕੇ ਵਾਤਾਵਰਣ ਵਿੱਚ ਵਿਭਿੰਨਤਾ ਲਿਆਉਣ ਲਈ ਵੀ ਜ਼ਿਲ੍ਹਾ ਜੰਗਲਾਤ ਅਫ਼ਸਰ ਨੂੰ ਕਿਹਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਪ੍ਰੋਜੈਕਟ ਤਿਆਰ ਕਰਵਾਇਆ ਜਾਵੇ ਅਤੇ ਪ੍ਰਵਾਨਗੀ ਲਈ ਸਬੰਧਤ ਦਫ਼ਤਰ ਵਿਖੇ ਭੇਜਿਆ ਜਾਵੇ ਤਾਂ ਜੋ ਅਪ੍ਰੈਲ ਮਹੀਨੇ ਤੱਕ ਇਹ ਨੇਚਰ ਵਾਕ ਆਮ ਲੋਕਾਂ ਲਈ ਖੋਲ੍ਹਿਆ ਜਾ ਸਕੇ।