ਮਾਨਸਾ : ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਉਤੇ ਇਕ ਵਾਰ ਫਿਰ ਕੁਦਰਤ ਦੀ ਮਾਰ ਪਈ ਹੈ। ਦੇਰ ਰਾਤ ਤੋਂ ਹੋ ਰਹੀ ਬਰਸਾਤ ਨਾਲ ਕਿਸਾਨਾਂ ਦੀ ਪੱਕਣ ਉਤੇ ਆਈ ਕਣਕ ਦੀ ਫ਼ਸਲ ਹੇਠਾਂ ਡਿੱਗ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਿਸਾਨ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਇਨ੍ਹੀਂ ਦਿਨੀਂ ਪੱਕਣ ਉਤੇ ਆਈ ਹੋਈ ਹੈ ਤੇ ਉਤੋਂ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ ਹੈ।
ਕਿਸਾਨਾਂ ਦੀ ਵਧੀ ਚਿੰਤਾ : ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਇਸ ਦੇ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਧਰਤੀ ਉਤੇ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਨਾਲ ਅਤੇ ਦੇਰ ਰਾਤ ਹੋ ਰਹੀ ਬਾਰਿਸ਼ ਦੇ ਨਾਲ ਕਿਸਾਨਾਂ ਦਾ 20 ਫੀਸਦੀ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ। ਕਿਸਾਨਾਂ ਨੇ ਕਿਹਾ ਕਿ ਇਹ ਬਾਰਿਸ਼ ਦੇ ਨਾਲ ਜਿੱਥੇ ਕਿਸਾਨਾਂ ਦੀ ਪੱਕਣ ਉਤੇ ਆਈ ਕਣਕ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਸਰ੍ਹੋਂ ਦੀ ਫਸਲ ਅਤੇ ਸਬਜ਼ੀਆਂ ਦਾ ਨੁਕਸਾਨ ਵੀ ਹੋਇਆ ਹੈ।
ਇਹ ਵੀ ਪੜ੍ਹੋ : CM Bhagwant Mann's Appeal: ਮੁੱਖ ਮੰਤਰੀ ਮਾਨ ਦੀ ਚਿਤਾਵਨੀ, ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਦੇ ਮਨਸੂਬੇ ਨਹੀਂ ਹੋਣ ਦਿੱਤੇ ਜਾਣਗੇ ਸਫ਼ਲ
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੇ ਬੀਜਾਂ ਫ਼ਸਲਾਂ ਦੀ ਬਿਜਾਈ ਕੀਤੀ ਗਈ ਹੈ ਪਰ ਕੁਦਰਤ ਦੀ ਮਾਰ ਨੇ ਉਨ੍ਹਾਂ ਦੀ ਮਿਹਨਤ ਉਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਉੱਪਰ ਡਿੱਗ ਚੁੱਕੀ ਕਣਕ ਦੇ ਦਾਣੇ ਵਿੱਚ ਵੀ ਫਰਕ ਪਵੇਗਾ ਅਤੇ ਨਾਲ ਹੀ ਜਦੋਂ ਕਿਸਾਨਾਂ ਨੂੰ ਮਸ਼ੀਨ ਨਾਲ ਕਟਾਈ ਕਰਵਾਉਣੀ ਪਵੇਗੀ ਤਾਂ ਮਸ਼ੀਨਾਂ ਵਾਲਿਆਂ ਨੂੰ ਵੀ ਦੁਗਣਾ ਰੇਟ ਦੇਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਰੁੰਤ ਗਿਰਦਾਵਰੀ ਕਰਵਾਕੇ ਮੁਆਵਜ਼ਾ ਰਾਸ਼ੀ ਦਾ ਐਲਾਨ ਕਰੇ।
ਇਹ ਵੀ ਪੜ੍ਹੋ : CM Bhagwant Mann: ਮੀਂਹ ਨੇ ਝੰਭ ਸੁੱਟੀ ਫਸਲ, ਸੀਐੱਮ ਭਗਵੰਤ ਮਾਨ ਦੇ ਐਲਾਨ ਨਾਲ ਮਿਲਿਆ ਕਿਸਾਨਾਂ ਨੂੰ ਹੌਸਲਾ, ਪੜ੍ਹੋ ਕੀ ਕਿਹਾ
ਕਿਸਾਨਾਂ ਉੱਤੇ ਵਿੱਤੀ ਸੰਕਟ : ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਉਸ ਤੋਂ ਬਾਅਦ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ ਕਿਸਾਨੀ ਉੱਤੇ ਕੁਦਰਤੀ ਆਫਤਾਂ ਕਾਰਣ ਵੱਡੇ ਆਰਥਿਕ ਬੋਝ ਪਏ ਹਨ। ਬੀਤੇ ਸਾਲਾਂ ਦੌਰਾਨ ਵਧੀ ਹੋਈ ਗਰਮੀ ਦੇ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਅਤੇ ਕਿਸਾਨਾਂ ਦੇ ਲਈ ਲਾਹੇਵੰਦ ਧੰਦੇ ਦੁੱਧ ਉਤਪਾਦਨ ਨੂੰ ਲੰਪੀ ਸਕਿੰਨ ਨੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਨਾਲ ਦੀ ਨਾਲ ਹੀ ਮੁਆਵਜ਼ਾ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਲਦ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਉਹ ਮਜਬੂਰਨ ਸੜਕਾਂ ਉੱਤੇ ਆਉਣਗੇ।