ਮਾਨਸਾ: ਪੰਜਾਬ ਵਿੱਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਅਤੇ ਜਿਲ੍ਹਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਹੈ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਨੇਵਾਲੀਆ ਨੇ ਕਿਹਾ ਕਿ ਕੁੱਝ ਘਰੇਲੂ ਰੁਝੇਵਿਆਂ ਕਾਰਨ ਉਹ ਪਾਰਟੀ ਨੂੰ ਸਮਾਂ ਨਹੀਂ ਦੇ ਸਕਦੇ। ਇਸ ਕਰਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਅਤੇ ਨਾ ਹੀ ਕੋਈ ਉਨ੍ਹਾਂ ਦਾ ਇਹੋ ਜਿਹਾ ਇਰਾਦਾ ਹੈ। ਮੁਨੀਸ਼ ਬੱਬੀ ਦਾਨੇਵਾਲੀਆ ਵਿੱਚ ਲੋਕ ਸਭਾ ਚੋਣਾਂ ਸਮੇਂ ਅਕਾਲੀ ਦਲ ਲਈ ਵੋਟਾਂ ਮੰਗੀਆਂ ਅਤੇ ਆਪਣੇ ਖੇਤਰ ਵਿੱਚੋਂ ਵੋਟ ਪ੍ਰਤੀਸ਼ਤ ਵਧਾਇਆ।
ਮੁਨੀਸ਼ ਬੱਬੀ ਦਾਨੇਵਾਲੀਆ ਸਮਾਜ ਸੇਵੀ, ਹਰ ਹਰ ਮਹਾਂਦੇਵ ਮੰਡਲ ਦੇ ਪ੍ਰਧਾਨ ਅਤੇ ਆੜ੍ਹਤੀਆ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਵੀ ਹਨ। ਜਿਨ੍ਹਾਂ ਦਾ ਇਸ ਖੇਤਰ ਅਤੇ ਅਗਰਵਾਲ ਭਾਈਚਾਰੇ ਵਿੱਚ ਵੱਡਾ ਜਨ ਅਧਾਰ ਹੈ। ਉਹ ਕੌਂਸਲਰ ਵੀ ਰਹਿ ਚੁੱਕੇ ਹਨ। ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕੀਤੀ ਸੀ।
ਲੰਮੇ ਸਮੇਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਗਤੀਵਿਧੀਆਂ ਨਾਲ ਚੱਲਦੇ ਆ ਰਹੇ ਸਨ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ। ਉਹਨਾਂ ਕਿਹਾ ਕਿ ਇਥੇ ਸਿਰਫ ਪਾਰਟੀ ਦੇ ਕਰਿੰਦਿਆਂ ਦੀ ਸੁਣਵਾਈ ਹੈ ਆਮ ਬੰਦੇ ਦੀ ਜਾ ਵਰਕਰ ਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਇਹ ਸਿਰਫ ਖਾਲੀ ਦਲ ਬਣ ਚੁੱਕਾ ਹੈ।
ਇਹ ਵੀ ਪੜੋ:- 'ਪੰਜਾਬ 'ਚ ਅਜੇ ਅਸਾਨ ਨਹੀਂ ਭਾਜਪਾ ਦੀ ਰਾਹ'