ਮਾਨਸਾ: ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਹੈ। ਇਸ ਦੌਰੇ ਦੌਰਾਨ ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਦੀਆਂ ਤਕਲੀਫਾਂ ਸੁਣੀਆਂ ਉਥੇ ਹੀ ਉਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਧੰਨਾ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੂਰੇ ਦੇਸ਼ ਦੇ ਕਿਸਾਨ ਲੜਾਈ ਲੜ ਰਹੇ ਹਨ। ਇਸ ਲੜਾਈ ਵਿੱਚ ਧੰਨਾ ਸਿੰਘ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜਦੇ ਹੋਏ ਕਿਸਾਨਾਂ ਨੂੰ 7 ਤੋਂ ਵੱਧ ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਸ ਵੇਲੇ ਇਨ੍ਹੀਂ ਜ਼ਿਆਦਾ ਠੰਢ ਪੈ ਰਹੀ ਹੈ ਜਿਨ੍ਹੀਂ ਪਿਛਲੇ 15-20 ਸਾਲਾਂ ਤੋਂ ਨਹੀਂ ਪਈ ਤੇ ਸਾਡੀਆਂ ਮਾਤਾਵਾਂ, ਬਜ਼ੁਰਗ, ਇਸ ਧਰਨੇ ਵਿੱਚ ਹਨ ਅਤੇ ਇਨ੍ਹਾਂ ਧਰਨਿਆਂ ਦੌਰਾਨ ਹੁਣ ਤੱਕ 15 ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ।
ਉਨ੍ਹਾਂ ਕਿਹਾ ਕਿ ਸ਼ਾਤਮਈ ਤਰੀਕੇ ਨਾਲ ਜਾ ਰਹੇ ਕਿਸਾਨਾਂ ਉੱਤੇ ਹਰਿਆਣਾ ਸਰਕਾਰ ਨੇ ਵਾਟਰ ਕੈਨਨਾਂ, ਅਥੱਰੂ ਗੈਸ ਦੇ ਗੋਲੇ ਅਤੇ ਟੋਏ ਪੁੱਟ ਕੇ ਆਪਣਿਆਂ ਨੂੰ ਹੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਤਸ਼ੱਦਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ਦੇ ਲੋਕ ਹਰਿਆਣਾ ਸਰਕਾਰ ਦੀ ਨਿੰਦਾ ਕਰ ਰਹੇ ਹਨ।