ਮਾਨਸਾ: 1999 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਕਾਰਗਿੱਲ ਯੁੱਧ ਵਿੱਚ ਭਾਰਤ ਨੇ ਸੈਂਕੜੇ ਭਾਰਤੀ ਸੈਨਿਕ ਨੌਜਵਾਨ ਗਵਾ ਲਏ ਸਨ। ਇਨ੍ਹਾਂ ਸ਼ਹੀਦਾਂ ਦੀ ਸੂਚੀ ਵਿੱਚ ਇੱਕ ਨਾਂਅ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਨਾਇਕ ਨਿਰਮਲ ਸਿੰਘ ਦਾ ਵੀ ਸ਼ਾਮਲ ਹੈ। ਇਸ ਜੰਗ ਵਿੱਚ ਸ਼ਹੀਦ ਹੋਏ ਨਾਇਕ ਨਿਰਮਲ ਸਿੰਘ ਆਪਣੀ ਪਤਨੀ ਤੇ ਮਾਂ ਨੂੰ ਛੱਡ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਦੁਜਾ ਵਿਆਹ ਕਰਵਾ ਲਿਆ ਪਰ ਸ਼ਹੀਦ ਦੀ ਮਾਂ ਇਕੱਲੀ ਰਹਿ ਗਈ ਜੋ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮੋਹਤਾਜ ਹੋ ਮਜ਼ਦੂਰੀ ਕਰਨ ਦੇ ਲਈ ਮਜਬੂਰ ਹੈ।
1999 ਦਾ ਦਰਦ ਅਜੇ ਵੀ ਝੱਲ ਰਹੀ ਬਜ਼ੁਰਗ ਮਾਂ
ਨਾਇਕ ਨਿਰਮਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਬੇਸ਼ੱਕ ਸਰਕਾਰਾਂ ਨੇ ਉਸ ਸਮੇਂ ਸ਼ਹੀਦ ਨਿਰਮਲ ਸਿੰਘ ਦੇ ਨਾਂਅ ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਨਾਇਕ ਨਿਰਮਲ ਸਿੰਘ ਸਰਕਾਰੀ ਸੈਕੰਡਰੀ ਸਕੂਲ ਰੱਖ ਦਿੱਤਾ ਤੇ ਪਰਿਵਾਰ ਨੂੰ ਵੀ ਕੁੱਝ ਮੁਆਵਜ਼ਾ ਵੀ ਦੇ ਦਿੱਤਾ। ਪਰ ਸ਼ਹੀਦ ਦੀ ਪਤਨੀ ਉਸ ਦੀ ਸ਼ਹਿਦੀ ਤੋਂ ਬਾਅਦ ਦੁਜਾ ਵਿਆਹ ਕਰਵਾ ਲਿਆ ਤੇ ਸ਼ਹੀਦ ਦੀ ਬਜ਼ੁਰਗ ਮਾਂ ਜੰਗੀਰ ਕੌਰ ਜਿਨ੍ਹਾਂ ਦੀ ਉੱਮਰ 80 ਸਾਲ ਹੈ, ਦੋ ਵਕਤ ਦੀ ਰੋਟੀ ਤੋਂ ਵੀ ਮੋਹਤਾਜ ਹੈ।
ਰੋਟੀ ਲਈ ਬਜ਼ੁਰਗ ਮਾਂ ਮਜ਼ਦੂਰੀ ਜਾਂ ਫਿਰ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਹੈ। ਬਜ਼ੁਰਗ ਮਾਤਾ ਜੰਗੀਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਉਸ ਨੂੰ ਕੋਈ ਲਾਭ ਦਿੱਤਾ ਗਿਆ ਹੈ। ਇਸ ਕਾਰਨ ਅੱਜ ਵੀ ਉਹ ਦਰ-ਦਰ ਭਟਕਣ ਲਈ ਮਜਬੂਰ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਜਿਸ ਕਮਰੇ ਵਿੱਚ ਰਹਿ ਰਹੀ ਹੈ ਉਸ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਤੇ ਘਰ ਵੀ ਗਲੀ ਤੋਂ 6 ਫੁੱਟ ਡੂੰਘਾ ਹੈ। ਬਜ਼ੁਰਗ ਮਾਂ ਨੇ ਦੱਸਿਆ ਕਿ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਉਸ ਦਾ ਕਮਰਾ ਪਾਣੀ ਨਾਲ ਭਰ ਜਾਂਦਾ ਹੈ।
ਪ੍ਰਸ਼ਾਸਨ ਵੱਲੋਂ ਸ਼ਹੀਦ ਦੀ ਮਾਂ ਦੀ ਮਾਲੀ ਮਦਦ ਕਰਨ ਦਾ ਭਰੋਸਾ
ਇਸ ਮਾਮਲੇ 'ਤੇ ਐਸ.ਡੀ.ਐਮ. ਅਭੀਜੀਤ ਕਪਲਿਸ਼ ਨੇ ਕਿਹਾ ਕਿ ਸ਼ਹੀਦ ਨਾਇਕ ਨਿਰਮਲ ਸਿੰਘ ਦੀ ਸ਼ਹਿਦੀ ਦੇ ਸਮੇਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸ ਦੀ ਪਤਨੀ ਨਾਲ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਜਾ ਰਿਹਾ ਅਤੇ ਉਸ ਦੀ ਪੈਨਸ਼ਨ ਦੇ ਵਿੱਚੋਂ 10 ਹਜ਼ਾਰ ਰੁਪਏ ਬਜ਼ੁਰਗ ਮਾਤਾ ਨੂੰ ਦਿੱਤਾ ਜਾਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਪ੍ਰਧਾਨ ਮੰਤਰੀ ਜਾਂ ਇੰਦਰਾ ਆਵਾਸ ਯੋਜਨਾ ਦੇ ਤਹਿਤ ਸ਼ਹੀਦ ਦੀ ਮਾਤਾ ਦਾ ਮਕਾਨ ਵੀ ਬਣਵਾ ਦਿੱਤਾ ਜਾਵੇਗਾ।