ਮਾਨਸਾ: ਖੇਤੀ ਸੰਘਰਸ਼ ਨੂੰ ਲੈ ਕੇ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਵਿੱਚ ਜ਼ਿਲ੍ਹੇ ਦੀ ਇੱਕ ਔਰਤ ਦੀ ਸੜਕ ਦਿੱਲੀ ਤੋਂ ਪਰਤਦੇ ਸਮੇਂ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 70 ਸਾਲ ਦੀ ਬਜ਼ੁਰਗ ਮਲਕੀਤ ਕੌਰ ਮਜ਼ਦੂਰ ਮੁਕਤੀ ਮੋਰਚਾ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਗਈ ਸੀ। ਮਜ਼ਦੂਰ ਮੁਕਤੀ ਮੋਰਚਾ ਨੇ ਬਜ਼ੁਰਗ ਔਰਤ ਲਈ 10 ਲੱਖ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਲਕੀਤ ਕੌਰ 10-12 ਸਾਲਾਂ ਤੋਂ ਮੋਰਚੇ ਨਾਲ ਸੀ। ਬੀਤੇ ਦਿਨੀ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਦੇ ਸਮਰਥਨ ਲਈ ਮਜਦੂਰ ਮੁਕਤੀ ਮੋਰਚਾ ਵਿੱਚ ਸ਼ਾਮਲ ਹੋ ਕੇ ਗਈ ਸੀ, ਪਰੰਤੂ ਫ਼ਤਿਹਾਬਾਦ ਨਜ਼ਦੀਕ ਸੰਗਤਾਂ ਲੰਗਰ ਖਾਣ ਲਈ ਰੁਕੀਆਂ ਸਨ। ਇਥੇ ਹੀ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਮਲਕੀਤ 'ਤੇ ਇਸ ਸਮੇਂ 60 ਹਜ਼ਾਰ ਰੁਪਏ ਪ੍ਰਾਈਵੇਟ ਕਰਜ਼ਾ ਸੀ।
ਉਧਰ, ਮਜਦੂਰ ਮੁਕਤੀ ਮੋਰਚਾ ਆਗੂ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਮ੍ਰਿਤਕ ਔਰਤ ਮਲਕੀਤ ਕੌਰ ਕੋਲ ਕੋਈ ਜ਼ਮੀਨ ਨਹੀਂ ਸੀ ਮਗਰ ਫਿਰ ਵੀ ਉਹ ਕਿਸਾਨ ਅੰਦੋਲਨ ਵਿੱਚ ਲਗਾਤਾਰ ਭਾਗ ਲੈ ਰਹੀ ਸੀ ਅਤੇ ਉਸਦੇ ਘਰ ਦੀ ਹਾਲਤ ਵੀ ਬਹੁਤ ਤਰਸਯੋਗ ਹੈ। ਕਰਜ਼ੇ ਬਦਲੇ ਘਰ ਦੀ ਕੁਰਕੀ ਵੀ ਕੀਤੀ ਗਈ, ਪਰ ਜਥੇਬੰਦੀ ਨੇ ਵਿਰੋਧ ਕਰਕੇ ਰੁਕਵਾ ਦਿੱਤੀ ਸੀ।
ਉਨ੍ਹਾਂ ਮ੍ਰਿਤਕ ਮਾਤਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਮੈਂਬਰ ਨੂੰ ਨੌਕਰੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਸਰਕਾਰ ਇਹ ਐਲਾਨ ਨਹੀਂ ਕਰਦੀ ਓਨਾ ਚਿਰ ਸਸਕਾਰ ਨਹੀਂ ਕੀਤਾ ਜਾਵੇਗਾ।