ਮਾਨਸਾ: ਰੂਸ ਯੂਕਰੇਨ ਜੰਗ ਕਾਰਨ ਪੂਰੀ ਦੁਨੀਆ ਵਿੱਚ ਹਾਹਾਕਾਰ ਮੱਚੀ ਹੋਈ ਹੈ। ਚਾਰੇ ਪਾਸੇ ਤੋਂ ਜੰਗ ਖਿਲਾਫ਼ ਆਵਾਜ਼ ਉੱਠ ਰਹੀ ਹੈ। ਵੱਡੀ ਗਿਣਤੀ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਜੰਗ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਜੰਗ ਦੌਰਾਨ ਯੂਕਰੇਨ ਵਿੱਚ ਭਾਰਤੀ ਵਿਦਿਆਰਥੀ ਅਤੇ ਆਮ ਲੋਕ ਫਸੇ ਹੋਏ ਹਨ ਹਾਲਾਂਕਿ ਭਾਰਤ ਸਰਕਾਰ ਵੱਲੋਂ ਲਗਾਤਾਰ ਆਪਣੇ ਨਾਗਰਿਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਨਸਾ ਦੀ ਵਿਦਿਆਰਥਣ ਮਨਜਿੰਦਰ ਕੌਰ ਯੂਕਰੇਨ ਤੋਂ ਵਤਨ ਪਰਤੀ(Mansa student returned from Ukraine) ਹੈ। ਵਾਪਸ ਪਰਤੀ ਵਿਦਿਆਰਥਣ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਵਿੱਚ ਵਿਦਿਆਰਥਣ ਵੱਲੋਂ ਜੰਗ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਮਨਜਿੰਦਰ ਕੌਰ ਨੇ ਦੱਸਿਆ ਕਿ ਯੂਕਰੇਨ ਜੰਗ ਦੌਰਾਨ ਉਨ੍ਹਾਂ ਨੂੰ ਮੁਸ਼ਕਿਲ ਸਮਾਂ ਗੁਜ਼ਾਰਨਾ ਪਿਆ ਪਰ ਅੰਬੈਸੀ ਦਾ ਕੋਈ ਸਹਿਯੋਗ ਨਹੀਂ ਮਿਲਿਆ।
ਵਿਦਿਆਰਥਣ ਨੇ ਦੱਸਿਆ ਕਿ ਉਹ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਅਤੇ ਇਸ ਦੌਰਾਨ ਜਦੋਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਲੱਗੀ ਤਾਂ ਉਨ੍ਹਾਂ ਨੂੰ ਯੂਕਰੇਨ ਛੱਡ ਕੇ ਜਾਣ ਦੇ ਲਈ ਆਦੇਸ਼ ਜਾਰੀ ਹੋਏ ਪਰ ਅੰਬੈਸੀ ਦਾ ਕੋਈ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਬੰਕਰਾਂ ਵਿੱਚ ਰਹਿਣਾ ਪਿਆ। ਵਿਦਿਆਰਥਣ ਨੇ ਦੱਸਿਆ ਕਿ ਜਦੋਂ ਕੋਈ ਵੀ ਰਸਤਾ ਉਨ੍ਹਾਂ ਨੂੰ ਨਾ ਮਿਲਿਆ ਤਾਂ ਬਾਅਦ ਵਿੱਚ ਮੁਸ਼ਕਿਲ ਦੇ ਨਾਲ ਹੀ ਉਨ੍ਹਾਂ ਨੂੰ ਖੁਦ ਬਾਰਡਰ ਤੱਕ ਦਾ ਰਸਤਾ ਤੈਅ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਆਈਆਂ ਅਤੇ ਔਖੇ ਸਮੇਂ ਵਿੱਚ ਉਹ ਆਪਣੇ ਘਰ ਵਾਪਿਸ ਪਹੁੰਚੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਜੰਗ ਦੌਰਾਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੋ ਦੇਸ਼ਾਂ ਵਿਚਕਾਰ ਲੱਗੀ ਹੋਈ ਜੰਗ ਦੇ ਦੌਰਾਨ ਬੇਦੋਸ਼ੇ ਲੋਕ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਿਆਂ ਵਿੱਚ ਦੇਸ਼ਾਂ ਨੂੰ ਆਪਸੀ ਗੱਲਬਾਤ ਬੈਠ ਕੇ ਕਰ ਲੈਣੀ ਚਾਹੀਦੀ ਹੈ ਨਾ ਕਿ ਅਜਿਹੀਆਂ ਲੜਾਈਆਂ ਲੜਨੀਆਂ ਚਾਹੀਦੀਆਂ ਹਨ ਸਗੋਂ ਜੇਕਰ ਲੜਾਈ ਹੁੰਦੀ ਵੀ ਹੈ ਤਾਂ ਉਨ੍ਹਾਂ ਨੂੰ ਬਾਰਡਰਾਂ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ।
ਲੜਕੀ ਅਤੇ ਉਸਦੇ ਪਰਿਵਾਰ ਵੱਲੋਂ ਭਾਰਤ ਸਰਕਾਰ ’ਤੇ ਵੀ ਸਵਾਲ ਉਠਾਏ ਗਏ ਹਨ ਅਤੇ ਕਿਹਾ ਕਿ ਭਾਰਤ ਸਰਕਾਰ ਜੇਕਰ ਚਾਹੁੰਦੀ ਤਾਂ ਉਨ੍ਹਾਂ ਨੂੰ ਜਲਦ ਹੀ ਵਤਨ ਵਾਪਸੀ ਕਰਵਾ ਸਕਦੀ ਸੀ ਪਰ ਭਾਰਤ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਵਿਦਿਆਰਥੀ ਅੱਜ ਵੀ ਯੂਕਰੇਨ ਦੇ ਵਿਚ ਆਪਣੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ: ਯੂਕਰੇਨ ਤੋਂ ਆਈ ਵਿਦਿਆਰਥਣ ਨੇ ਪੰਜਾਬ ਸਰਕਾਰ ਨਾਲ ਜਤਾਇਆ ਰੋਸ