ਮਾਨਸਾ: ਮਕਾਨਾਂ ਦੀ ਉਸਾਰੀ ਲਈ ਨਗਰ ਕੌਂਸਲ ਤੋਂ ਨਕਸ਼ੇ ਪਾਸ ਕਰਵਾਉਣ ਦੇ ਲਈ ਮਨਜ਼ੂਰੀ ਲੈਣੀ ਜ਼ਰੂਰੀ ਹੈ ਪਰ ਮਾਨਸਾ ਦੇ ਨਗਰ ਕੌਂਸਲ ਤੋਂ ਮਨਜ਼ੂਰੀ ਦੇ ਲਈ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਮਕਾਨ ਬਣਾਉਣ ਦੇ ਲਈ ਨਕਸ਼ੇ ਪਾਸ ਕਰਵਾਉਣ ਲਈ ਅਪਲਾਈ ਕੀਤਾ ਸੀ ਉਨ੍ਹਾਂ ਦੇ ਵੀ ਨਕਸ਼ੇ ਪਾਸ ਨਹੀਂ ਹੋਏ ਹਨ।
ਨਕਸ਼ੇ ਪਾਸ ਹੋਣ ਦੀ ਉਡੀਕ 'ਚ ਬੈਠੇ ਕਈ ਲੋਕਾਂ ਦੇ ਘਰ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਸਾਮਾਨ ਹੁਣ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਨਗਰ ਕੌਂਸਲ ਦੇ ਅਧਿਕਾਰੀ ਨਕਸ਼ੇ ਪਾਸ ਕਰਵਾਉਣ ਲਈ ਆਨਲਾਈਨ ਸੁਵਿਧਾ ਨੂੰ ਵਧੀਆ ਦੱਸ ਰਹੇ ਹਨ ਪਰ ਲੋਕਾਂ ਨੂੰ ਆਨਲਾਈਨ ਸੁਵਿਧਾ ਦੇ ਵਿੱਚ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ।
ਸ਼ਹਿਰ ਵਾਸੀ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਵਿਖੇ ਪੂਰਾ ਸਟਾਫ ਨਹੀਂ ਹੈ ਅਤੇ ਜੋ ਇੱਥੇ ਨਗਰ ਕੌਂਸਲ ਵਿੱਚ ਹਨ ਉਨ੍ਹਾਂ ਦੀ ਵੀ ਪੱਕੇ ਤੌਰ 'ਤੇ ਪੋਸਟਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਜੋ ਨਕਸ਼ੇ ਪਾਸ ਕਰਵਾਉਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ, ਸਰਕਾਰ ਉਸ 'ਤੇ ਧਿਆਨ ਦੇਵੇ ਤੇ ਇਸ ਦਾ ਜਲਦ ਹੱਲ ਕੱਢੇ।
ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਮਾਨਸਾ ਦੀ ਬਦਕਿਸਮਤੀ ਹੈ, ਜਦੋਂ ਤੋਂ ਕੈਪਟਨ ਸਰਕਾਰ ਬਣੀ ਹੈ। ਮਾਨਸਾ ਸ਼ਹਿਰ ਦਾ ਕੋਈ ਵੀ ਵੇਲੀ ਵਾਰਸ ਨਹੀਂ ਹੈ ਅਤੇ ਜੇਕਰ ਗੱਲ ਨਗਰ ਕੌਂਸਲ ਦੀ ਕੀਤੀ ਜਾਵੇ ਤਾਂ ਇੱਥੇ ਪੂਰਾ ਸਟਾਫ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਆਨਲਾਈਨ ਸੁਵਿਧਾ ਹੈ, ਇਹ ਸੁਵਿਧਾ ਨਹੀਂ ਇਹ ਅਸੁਵਿਧਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਫਾਰਮ ਲੈਣ ਦੇ ਨਾਂਅ 'ਤੇ ਵਾਰ ਵਾਰ ਲੋਕਾਂ ਨੂੰ ਦਫਤਰਾਂ ਦੇ ਚੱਕਰ ਕਟਵਾਏ ਜਾ ਰਹੇ ਹਨ।
ਦੂਜੇ ਪਾਸੇ ਨਗਰ ਕੌਂਸਲ ਦੇ ਈਓ ਵਿਸ਼ਾਲਦੀਪ ਨੇ ਦੱਸਿਆ ਕਿ ਕੋਵਿਡ 19 ਦੇ ਦੌਰਾਨ ਜਿਨ੍ਹਾਂ ਵੀ ਲੋਕਾਂ ਨੇ ਨਕਸ਼ੇ ਪਾਸ ਕਰਵਾਉਣ ਲਈ ਅਪਲਾਈ ਕੀਤਾ ਸੀ ਤੇ ਉਸ ਤੋਂ ਪਹਿਲਾਂ ਵੀ ਅਪਲਾਈ ਕੀਤੇ ਸਨ, ਉਨ੍ਹਾਂ ਸਭ ਦੇ ਨਕਸ਼ੇ ਪਾਸ ਕਰ ਦਿੱਤੇ ਗਏ ਹਨ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਨਗਰ ਕੌਂਸਲ ਦੇ ਦਫ਼ਤਰ ਵਿੱਚ ਪਹੁੰਚ ਕੇ ਆਪਣੀ ਸਮੱਸਿਆ ਦੱਸ ਕੇ ਉਸ ਨੂੰ ਹੱਲ ਕਰਵਾ ਸਕਦੇ ਹਨ।