ਮਾਨਸਾ: ਆਵਾਰਾ ਪਸ਼ੂਆਂ ਦੀ ਚਪੇਟ ਵਿੱਚ ਆਉਣ ਨਾਲ ਜਵਾਹਰ ਕੇ ਪਿੰਡ ਦੇ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਅਜੇ ਤੱਕ ਵੀ ਨੌਜਵਾਨ ਦਾ ਸੰਸਕਾਰ ਨਹੀਂ ਕੀਤਾ ਗਿਆ ਅਤੇ ਲਾਸ਼ ਨੂੰ ਸੜਕ ਉਪਰ ਰੱਖ ਕੇ ਦੂਸਰੇ ਦਿਨ ਵੀ ਧਰਨਾ ਜਾਰੀ ਹੈ। ਧਰਨੇ ਵਿੱਚ ਦੂਸਰੇ ਦਿਨ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਭੂੰਦੜ ਪਹੁੰਚੇ।
ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣ ਲਈ ਕਹਿ ਰਿਹਾ ਹੈ ਜਦੋਂ ਕਿ ਉਹ 20 ਲੱਖ ਰੁਪਏ ਦੀ ਮੰਗ 'ਤੇ ਅੜੇ ਹੋਏ ਹਨ।
ਦੂਸਰੇ ਦਿਨ ਵੀ ਪਿੰਡ ਜਵਾਹਰਕੇ ਦੇ ਨੌਜਵਾਨ ਸਨੀ ਦੀ ਸੜਕ ਉੱਪਰ ਲਾਸ਼ ਰੱਖ ਕੇ ਪੀੜਤ ਪਰਿਵਾਰ ਅਤੇ ਮਾਨਸਾ ਸ਼ਹਿਰ ਦੀ ਸੰਘਰਸ਼ ਕਮੇਟੀ ਨ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੇ ਆਵਾਰਾ ਪਸ਼ੂਆਂ ਦਾ ਹੱਲ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ ਅਤੇ ਉਦੋਂ ਤੱਕ ਮ੍ਰਿਤਕ ਨੌਜਵਾਨ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।
ਦੂਸਰੇ ਦਿਨ ਦੇ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਭੂੰਦੜ ਪਹੁੰਚੇ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਅਵਾਰਾ ਪਸ਼ੂਆਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਵਾਰਾ ਪਸ਼ੂਆਂ ਦਾ ਹੱਲ ਕਰਨ ਦੇ ਲਈ ਅੱਗੇ ਆਵੇ ਕਿਉਂਕਿ ਅਮਰੀਕੀ ਨਸਲ ਦੇ ਜੋ ਆਵਾਰਾ ਪਸ਼ੂ ਹਨ, ਉਨ੍ਹਾਂ ਨੂੰ ਬੁੱਚੜਖਾਨੇ ਖੋਲ੍ਹ ਕੇ ਭੇਜਿਆ ਜਾਵੇ ਤੇ ਜੋ ਦੇਸੀ ਨਸਲ ਦੀਆਂ ਗਾਵਾਂ ਹਨ ਉਹ ਹਿੰਦੂ ਧਰਮ ਵਿੱਚ ਪੂਜਣਯੋਗ ਹਨ ਅਤੇ ਉਨ੍ਹਾਂ ਨੂੰ ਗਊਸ਼ਾਲਾਵਾਂ ਦੇ ਵਿੱਚ ਭੇਜਿਆ ਜਾਵੇ।
ਵਿਧਾਇਕ ਦਿਲਰਾਜ ਭੂੰਦੜ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ ਅਤੇ ਦਿਨੋਂ ਦਿਨ ਸੜਕਾਂ ਉੱਪਰ ਨੌਜਵਾਨ ਅਵਾਰਾ ਪਸ਼ੂਆਂ ਦੀ ਚਪੇਟ ਵਿੱਚ ਆਉਣ ਨਾਲ ਮਰ ਰਹੇ ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਇਨ੍ਹਾਂ ਦਾ ਹੱਲ ਕਰਨਾ ਚਾਹੀਂਦਾ ਹੈ।
ਐਸਜੀਪੀਸੀ ਮੈਂਬਰ ਗੁਰਪ੍ਰੀਤ ਝੱਬਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਆਦੇਸ਼ ਦੇਵੇ ਕਿ ਆਵਾਰਾ ਪਸ਼ੂਆਂ ਦੇ ਭਰੇ ਜਾ ਰਹੇ ਟਰੱਕਾਂ ਨੂੰ ਨਾ ਰੋਕਣ ਜਿਸਦੇ ਲਈ ਆਵਾਰਾ ਪਸ਼ੂਆਂ ਦਾ ਪੰਜ ਦਿਨਾਂ ਦੇ ਵਿੱਚ ਹੱਲ ਹੋ ਸਕਦਾ ਹੈ।