ਮਾਨਸਾ :ਲੌਕਡਾਊਨ ਦੇ ਦੌਰਾਨ ਜਿਥੇ ਮਾਨਸਾ ਪੁਲਿਸ ਲੋਕਾਂ ਤੱਕ ਚੰਗੀ ਸੁਵਿਧਾ ਪਹੁੰਚਾਉਣ ਲਈ ਕਾਮਯਾਬ ਰਹੀ ਹੈ, ਉਥੇ ਹੀ ਹੁਣ ਮਾਨਸਾ ਪੁਲਿਸ ਨੇ ਲੋਕਾਂ ਦੀ ਮਦਦ ਲਈ ਨਵੇਕਲਾ ਉਪਰਾਲਾ ਕੀਤਾ ਹੈ। ਮਾਨਸਾ ਪੁਲਿਸ ਹੁਣ ਤੱਕ ਲੌਕਡਾਊਨ ਦੇ ਦੌਰਾਨ ਗੁਆਚੇ ਹੋਏ 800 ਤੋਂ ਵੱਧ ਮੋਬਾਈਲਾਂ ਨੂੰ ਟਰੇਸ ਕਰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਚੁੱਕੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਹੁਣ ਤੱਕ 800 ਤੋਂ ਵੱਧ ਮੋਬਾਈਲ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ। ਤੀਜੀ ਵਾਰ ਮਾਨਸਾ ਪੁਲਿਸ ਨੇ 213 ਲੋਕਾਂ ਨੂੰ ਉਨ੍ਹਾਂ ਦੇ ਗੁਆਚੇ ਹੋਏ ਮੋਬਾਈਲ ਮੋੜੇ। ਐਸਐਸਪੀ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਕਾਫੀ ਲੋਕਾਂ ਨੇ ਮੋਬਾਈਲ ਗੁੰਮ ਹੋ ਜਾਣ ਦੀ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਜ਼ਿਲ੍ਹਾਂ ਪੁਲਿਸ ਨੇ ਸਪੈਸ਼ਲ ਟੀਮ ਬਣਾਈ ਅਤੇ ਵੱਖ-ਵੱਖ ਸੂਬਿਆਂ ਤੋਂ ਜਾ ਕੇ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਕੋਸ਼ਿਸ਼ ਜਾਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਗੁਆਚੇ ਹੋਏ ਮੋਬਾਈਲ ਵਾਪਸ ਸੌਂਪ ਦਿੱਤੇ ਜਾਣ।
ਇਸ ਦੌਰਾਨ ਮੋਬਾਈਲ ਵਾਪਸ ਪਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਮੋਬਾਈਲ ਗੁਆਚਣ ਮਗਰੋਂ ਉਨ੍ਹਾਂ ਨੇ ਪੁਲਿਸ 'ਚ ਸ਼ਿਕਾਇਤ ਦਿੱਤੀ ਸੀ। ਇਨ੍ਹਾਂ ਚੋਂ ਕਈ ਲੋਕਾਂ ਨੇ ਮੋਬਾਈਲ ਵਾਪਸ ਮਿਲਣ ਦੀ ਉਮੀਦ ਵੀ ਛੱਡ ਦਿੱਤੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਮੋਬਾਈਲ ਵਾਪਸ ਪਹੁੰਚਾ ਦਿੱਤੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਮਦਦ ਕਰਨ ਲਈ ਧੰਨਵਾਦ ਕਿਹਾ।