ਮਾਨਸਾ : ਵਿਜੀਲੈਂਸ ਬਿਊਰੋ ਵੱਲੋਂ ਮਾਨਸਾ ਦੇ ਸਿਵਲ ਹਸਪਤਾਲ ਦੇ ਇਕ ਡਾਕਟਰ ਦੇ ਸਹਾਇਕ ਨੂੰ ਰਿਸ਼ਵਤ ਮੰਗਣ ਦੇ ਇਲਜਾਮਾਂ ਹੇਠ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਰੱਖਾ ਸਿੰਘ ਉਰਫ ਲੱਖਾ ਨੂੰ ਕਾਬੂ ਕੀਤਾ ਹੈ। ਉਹ ਪ੍ਰਾਈਵੇਟ ਤੌਰ ਉੱਤੇ ਡਾਕਟਰ ਅਨੀਸ ਕੁਮਾਰ ਦਾ ਸਹਾਇਕ ਹੈ। ਇਸਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੁਲਜਮ ਵਲੋਂ ਤਿੰਨ ਹਜਾਰ ਤੋਂ ਪੈਂਤੀ ਸੌ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਸ਼ਿਕਾਇਤ ਉੱਤੇ ਕੀਤੀ ਗਈ ਕਾਰਵਾਈ : ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਹਰਦੀਪ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵਾਰਡ ਨੰਬਰ 11 ਲੱਲੂਆਣਾ ਰੋਡ ਨੇੜੇ ਮਾਨਸਾ ਵੱਲੋਂ ਕੀਤੀ ਗਈ ਸਿਕਾਇਤ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕਰੱਪਸ਼ਨ ਹੈਲਪਲਾਈਨ ਰਾਹੀ ਸ਼ਿਕਾਇਤ ਕਰਤਾ ਹਰਦੀਪ ਸਿੰਘ ਨੇ ਕੰਪਲੇਟ ਰਾਹੀਂ ਇਲਜਾਮ ਲਗਾਇਆ ਗਿਆ ਸੀ ਕਿ ਉਸਦੀ ਪਤਨੀ ਰਮਨਪ੍ਰੀਤ ਕੌਰ 15 ਮਾਰਚ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਪਿੱਤੇ ਦੀ ਪੱਥਰੀ ਦੇ ਇਲਾਜ ਲਈ ਗਈ ਸੀ। ਇੱਥੇ ਡਾਕਟਰ ਅਨੀਸ਼ ਕੁਮਾਰ ਵੱਲੋਂ ਉਸ ਨੂੰ ਅਟੈਂਡ ਕੀਤਾ ਗਿਆ ਅਤੇ ਟੈਸਟ ਕਰਾਉਣ ਸਬੰਧੀ ਲਿਖਿਆ ਗਿਆ।
ਵਿਜੀਲੈਂਸ ਨੂੰ ਦਿੱਤੇ ਸਬੂਤ : ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਸ਼ਿਕਾਇਤ ਕਰਤਾ ਸਮੇਤ ਆਪਣੀ ਪਤਨੀ ਦੇ ਸਿਵਲ ਹਸਪਤਾਲ ਮਾਨਸਾ ਵਿਖੇ ਗਿਆ, ਜਿੱਥੇ ਉਸਨੇ ਆਪਣੀ ਪਤਨੀ ਦੇ ਟੈਸਟ ਵਗੈਰਾ ਕਰਵਾ ਕੇ ਡਾਕਟਰ ਅਨੀਸ਼ ਪਾਸ ਦਿਖਾਏ। ਇਸ ਤੋਂ ਪਹਿਲਾਂ ਸ਼ਿਕਾਇਤ ਕਰਤਾ ਦੀ ਡਾਕਟਰ ਅਨੀਸ਼ ਕੁਮਾਰ ਦੇ ਸਹਾਇਕ ਰੱਖਾ ਸਿੰਘ ਉਰਫ ਲੱਖਾ ਨਾਲ ਗੱਲਬਾਤ ਹੋਈ, ਜਿਸ ਨੇ ਸ਼ਿਕਾਇਤ ਕਰਤਾ ਦੀ ਪਤਨੀ ਦਾ ਆਯੂਸ਼ਮਾਨ ਕਾਰਡ ਬਣਿਆ ਹੋਣ ਦੇ ਬਾਵਜੂਦ ਵੀ ਦੂਰਬੀਨ ਵਾਲੇ ਅਪਰੇਸ਼ਨ ਪਰ 3000—3500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸਦੀ ਸਿਕਾਇਤਕਰਤਾ ਵੱਲੋਂ ਮੌਕਾ ਪਰ ਰਿਕਾਰਡਿੰਗ ਕਰ ਲਈ ਸੀ ਜੋ ਉਸਨੇ ਵਿਜੀਲੈਂਸ ਪਾਸ ਬਤੌਰ ਸਬੂਤ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਪਾਸਪੋਰਟ ਦਫਤਰ 'ਚ ਛੁੱਟੀ ਨੂੰ ਲੈ ਕੇ ਹੋਇਆ ਹੰਗਾਮਾ, ਕੰਮ ਕਰਵਾਉਣ ਪਹੁੰਚੇ ਲੋਕਾਂ ਨੇ ਕੀਤਾ ਰੋਡ ਜਾਮ
ਵਿਜੀਲੈਂਸ ਬਿਊਰੋ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਮੁਲਜਮ ਵੱਲੋਂ ਸ਼ਿਕਾਇਤਕਰਤਾ ਉਕਤ ਪਾਸੋਂ ਰਿਸ਼ਵਤ ਦੀ ਮੰਗ ਕਰਨਾ ਪਾਇਆ ਗਿਆ ਹੈ, ਜਿਸਦੇ ਆਧਾਰ ਉੱਤੇ ਸਰਕਾਰੀ ਡਾਕਟਰ ਦਾ ਪ੍ਰਾਈਵੇਟ ਸਹਾਇਕ ਰੱਖਾ ਸਿੰਘ ਉਰਫ ਲੱਖਾ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।