ਮਾਨਸਾ: ਗੁਲਾਬੀ ਸੁੰਡੀ ਨੇ ਇੱਕ ਵਾਰ ਫਿਰ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਮਾਨਸਾ ਜਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਹੈ । ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੀ ਟੀਮ ਨੇ ਨਰਮੇ ਦੀ ਫਸਲ ਵਾਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਗੱਲਬਾਤ ਕੀਤੀ ਹੈ । ਇਸ ਗੱਲਬਾਤ ਦੌਰਾਨ ਵਿਭਾਗ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰਵਾ ਸਕਿਆ।
ਨਜ਼ਰ ਨਹੀਂ ਆਇਆ ਕੋਈ ਹੱਲ: ਗੁਲਾਬੀ ਸੁੰਡੀ ਦਾ ਨਰਮੇ ਦੀ ਫ਼ਸਲ 'ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਨੇ ਬੇਸ਼ੱਕ ਖੇਤਾਂ ਦਾ ਦੌਰਾ ਕੀਤਾ ਹੈ ਪਰ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਲਈ ਕੋਈ ਹੱਲ ਨਜ਼ਰ ਨਹੀਂ ਆਇਆ । ਕਿਸਾਨਾਂ ਨੇ ਆਖਿਆ ਕਿ ਵਿਭਾਗ ਦੇ ਲੋਕ ਪਿਛਲੇ ਸਾਲ ਦੀ ਤਰਾਂ ਸਕੀਮਾਂ ਦੇ ਕੇ ਚਲੇ ਗਏ ਅਤੇ ਕਿਸਾਨਾਂ ਨੂੰ ਸਲਾਹ ਦੇ ਗਏ ਹਨ ਕਿ ਜਿਹੜੇ ਨਰਮੇ ਦੇ ਬੂਟੇ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਉਨ੍ਹਾਂ ਬੂਟਿਆਂ ਨੂੰ ਉਪਰੋਂ ਤੋੜ ਕੇ ਸੁੱਟ ਦਿੱਤਾ ਜਾਵੇ ਅਤੇ ਇਸ ਦੀ ਦੇਖ-ਭਾਲ ਕਰਨ ।
ਲੋਲੀਪੋਪ: ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਜਿਹਾ ਹੀ ਹੋਇਆ ਸੀ ਖੇਤੀਬਾੜੀ ਵਿਭਾਗ ਨੇ ਸਿਰਫ ਲੋਲੀਪੋਪ ਦਿੱਤਾ ਸੀ ਪਰ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਲਈ ਖੇਤੀਬਾੜੀ ਵਿਭਾਗ ਅਤੇ ਸਰਕਾਰ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਪਲਬਧ ਨਹੀਂ ਕਰਵਾਇਆ ਅਤੇ ਬਾਅਦ ਵਿੱਚ ਕਿਸਾਨਾਂ ਦੇ ਨਰਮੇ ਦੀ ਫਸਲ ਬਰਬਾਦ ਹੋ ਗਈ ਸੀ । ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਲੱਖਾਂ ਰੁਪਿਆ ਕਿਉਂ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਦੀ ਰੋਕਥਾਮ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ। ਕਿਸਾਨਾਂ ਨੇ ਰੋਸ ਜਤਾਉਂਦੇ ਕਿਹਾ ਕਿ ਪਿਛਲੇ ਸਾਲ ਬਰਬਾਦ ਹੋਈ ਨਰਮੇ ਦੀ ਫਸਲ ਦਾ ਵੀ ਸੈਂਕੜੇ ਕਿਸਾਨਾਂ ਨੂੰ ਅਜੇ ਤੱਕ ਮੁਆਵਜਾ ਨਹੀਂ ਮਿਲਿਆ ।ਜੇਕਰ ਇਸ ਸਾਲ ਵੀ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਤਾਂ ਸਰਕਾਰ ਖਿਲਾਫ਼ ਕਿਸਾਨ ਵੱਡਾ ਅੰਦੋਲਨ ਲੜਨਗੇ।