ਮਾਨਸਾ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿੱਚ ਧਰਨਾ ਲਗਾ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਲੋਕਾਂ ਵੱਲੋਂ ਡਰਾਈ-ਫਰੂਟ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਭੇਜੀਆਂ ਜਾਂ ਰਹੀਆਂ ਹਨ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ ਲੋਕਾਂ ਨੇ ਕਿਸਾਨਾਂ ਦੇ ਲਈ ਰਵਾਇਤੀ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਭੇਜਣ ਦਾ ਉਪਰਾਲਾ ਕੀਤਾ ਹੈ, ਜਿਸਦੇ ਲਈ ਕਿਸਾਨ ਖੇਤਾਂ ਵਿੱਚ ਸਰ੍ਹੋਂ ਦਾ ਤੋੜ ਕਿ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਸਾਗ ਤਿਆਰ ਕਰਕੇ ਭੇਜਿਆ ਜਾਵੇਗਾ।
ਖੇਤਾਂ ਵਿੱਚ ਸਰ੍ਹੋਂ ਦਾ ਸਾਗ ਤੋੜ ਰਹੇ ਪਿੰਡ ਦੇ ਲੋਕਾਂ ਅਤੇ ਸਾਗ ਕੱਟ ਰਹੀਆਂ ਔਰਤਾਂ ਨੇ ਧਰਨੇ ਵਿੱਚ ਸਾਗ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪਿੰਡ ਦੀਆਂ ਔਰਤਾਂ ਗਰੁੱਪ ਬਣਾ ਕੇ ਹੱਥਾਂ ਨਾਲ ਸਾਗ ਦੀ ਕਟਾਈ ਕਰਕੇ ਸਾਗ ਤਿਆਰ ਕਰ ਰਹੀਆਂ ਹਨ। ਅਰਸ਼ਦੀਪ ਕੌਰ ਨੇ ਕਿਹਾ ਕਿ ਜਿਵੇਂ ਸਾਰੇ ਜਾਣਦੇ ਹਨ ਕਿ ਸਰ੍ਹੋਂ ਦਾ ਸਾਗ ਸਾਡੇ ਪੰਜਾਬ ਦਾ ਵਿਰਾਸਤੀ ਭੋਜਨ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬਜ਼ੁਰਗ ਲੋਕ ਖੇਤਾਂ ਵਿਚੋਂ ਸਰ੍ਹੋਂ ਦਾ ਸਾਗ ਤੋੜ ਕੇ ਲਿਆਏ ਹਨ ਅਤੇ ਉਹ ਇਕੱਠੇ ਹੋ ਕੇ ਇਸ ਨੂੰ ਤਿਆਰ ਕਰ ਰਹੇ ਹਨ ਅਤੇ ਕਿਸਾਨਾਂ ਦੇ ਲਈ ਮੱਕੀ ਦੀ ਰੋਟੀ ਵੀ ਤਿਆਰ ਕਰਕੇ ਦਿੱਲੀ ਵਿੱਚ ਭੇਜੀ ਜਾਵੇਗੀ।
ਕਿਸਾਨ ਰਾਜ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਖੇਤਾਂ ਚੋਂ ਸਾਗ ਤੋੜ ਕੇ ਤੇ ਔਰਤਾਂ ਦੇ ਸਹਿਯੋਗ ਨਾਲ ਇਸ ਦੀ ਕਟਾਈ ਕਰਕੇ ਸਾਗ ਤਿਆਰ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਲਈ ਮੱਕੀ ਦੀ ਰੋਟੀ ਤਿਆਰ ਕਰਕੇ ਦਿੱਲੀ ਵਿੱਚ ਭੇਜੀ ਜਾਵੇਗੀ।