ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ 'ਚ ਇੱਕ ਵਾਰ ਮੁੜ ਟਿੱਡੀ ਦਲ ਨੇ ਦਸਤਕ ਦਿੱਤੀ ਹੈ। ਕਿਸਾਨਾਂ ਦੇ ਝੋਨੇ ਦੀ ਫ਼ਸਲ 'ਤੇ ਟਿੱਡੀ ਦਲ ਨੇ ਹਮਲਾ ਕੀਤਾ ਹੈ। ਟਿੱਡੀ ਦਲ ਦੇ ਹਮਲੇ ਬਾਰੇ ਜਿਵੇ ਹੀ ਕਿਸਾਨਾਂ ਨੂੰ ਪਤਾ ਲੱਗਾ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ ਦਾ ਜਾਇਜ਼ਾ ਲੈ ਰਹੇ ਹਨ।
ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਖੇਤਾਂ 'ਚ ਆਏ ਤਾਂ ਬਾਜਰੇ ਦੀ ਫ਼ਸਲ ਤੇ ਭਿੰਡੀਆਂ 'ਤੇ ਭਾਰੀ ਮਾਤਰਾ ਦੇ ਵਿੱਚ ਟਿੱਡੀਆਂ ਨਜ਼ਰ ਆਈਆਂ। ਇਸ ਤੋਂ ਬਾਅਦ ਉਨ੍ਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸੂਚਿਤ ਕੀਤਾ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਵੇਰੇ ਹੀ ਉਨ੍ਹਾਂ ਨੂੰ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਬਾਜਰੇ ਦੀ ਫ਼ਸਲ 'ਤੇ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਹੈ ਜਦੋਂ ਉਨ੍ਹਾਂ ਖੇਤਾਂ ਵਿੱਚ ਆ ਕੇ ਦੇਖਿਆ ਤਾਂ ਭਾਰੀ ਮਾਤਰਾ ਦੇ ਵਿੱਚ ਬਾਜਰੇ ਦੀ ਫ਼ਸਲ 'ਤੇ ਟਿੱਡੀ ਦਲ ਨੇ ਹਮਲਾ ਕੀਤਾ ਹੋਇਆ ਸੀ।
ਖੇਤੀਬਾੜੀ ਵਿਭਾਗ ਦੇ ਅਫ਼ਸਰ ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਖੇਤਾਂ ਵਿੱਚ ਆ ਕੇ ਦੇਖਿਆ ਤਾਂ ਉਨ੍ਹਾਂ ਨੂੰ ਭਾਰੀ ਮਾਤਰਾ 'ਚ ਟਿੱਡੀਆਂ ਬਾਜਰੇ ਦੀ ਫਸਲ 'ਤੇ ਬੈਠੀਆਂ ਦਿਖਾਈ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉੱਥੇ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਉੱਪਰ ਸਪਰੇਅ ਦਾ ਛਿੜਕਾਅ ਕੀਤਾ ਜਾਵੇ, ਜਿਸ ਦੇ ਨਾਲ ਇਹ ਟਿੱਡੀਆਂ ਮਰ ਜਾਣਗੀਆਂ ਤੇ ਫ਼ਸਲ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ।