ਮਾਨਸਾ: ਸ਼ਹਿਰ 'ਚ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦੁਕਾਨਦਾਰਾਂ ਨੂੰ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਵਟਸਐਪ 'ਤੇ ਆਡੀਓ ਅਤੇ ਵੀਡੀਓ ਬਣਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਸਬੰਧੀ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੇ ਮੀਟਿੰਗ ਕਰਕੇ ਪ੍ਰਸ਼ਾਸਨ ਤੇ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕੀ ਕਿਹਾ ਜਾ ਰਿਹਾ ਵਾਇਰਲ ਵੀਡੀਓ ’ਚ: ਵਪਾਰੀਆਂ ਨੂੰ ਮਿਲ ਰਹੀ ਵੀਡੀਓ ਚ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਸਿੱਧੂ ਮੂਸੇ ਵਾਲਾ ਵਾਂਗ ਗੋਲੀ ਮਾਰ ਕੇ ਮਾਰ ਦਿੱਤਾ ਜਾਵੇਗਾ। ਇਹ ਦੇਖ ਲੈ ਤੇਰੇ ਲਈ ਪੂਰੀ ਮੈਗਜ਼ੀਨ ਤਿਆਰ ਕੀਤੀ ਜਾ ਰਹੀ ਹੈ। ਚੁੱਪ ਚਾਪ ਉਹ ਫੋਨ ਕਰੇ ਨਹੀਂ ਤਾਂ ਸਾਰੀਆਂ ਗੋਲੀਆਂ ਤੇਰੇ ਦਿਮਾਗ ਚ ਉਤਾਰ ਦਿੱਤੀਆਂ ਜਾਣਗੀਆਂ।
ਸਹਿਮ ’ਚ ਦੁਕਾਨਦਾਰ: ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਧਮਕੀਆਂ ਭਰੀਆਂ ਫੋਨ ਅਤੇ ਵੀਡੀਓ ਮਿਲ ਰਹੀਆਂ ਹਨ। ਜਿਸ ਚ ਉਸਨੂੰ ਕਿਹਾ ਜਾ ਰਿਹਾ ਹੈ ਕਿ ਉਹ ਲਾਰੇਂਸ ਬਿਸ਼ਨੋਈ ਗੈਂਗ ਤੋਂ ਬੋਲ ਰਹੇ ਹਾਂ ਅਤੇ ਸਿੱਧੂ ਮੂਸੇਵਾਲਾ ਵਾਂਗ ਹੀ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇਕਰ ਉਸ ਨੇ ਉਨ੍ਹਾਂ ਨੂੰ 2 ਲੱਖ ਰੁਪਏ ਨਹੀਂ ਦਿੱਤੇ। ਨਾਲ ਹੀ ਉਸ ਨੂੰ ਵੀਡੀਓ ਵੀ ਭੇਜੀ ਗਈ ਹੈ।
ਦੁਕਾਨਦਾਰਾਂ ਦੀ ਪ੍ਰਸ਼ਾਸਨ ਨੂੰ ਚਿਤਾਵਨੀ: ਉੱਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਸਮਾਜ ਸੇਵੀ ਅਤੇ ਦੁਕਾਨਦਾਰਾਂ ਨੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਧਮਕੀ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਸ਼ਹਿਰ ਨੂੰ ਬੰਦ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਦੂਜੇ ਪਾਸੇ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਸਾ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ, ਜੇਕਰ ਕਿਸੇ ਨੂੰ ਕੋਈ ਧਮਕੀ ਮਿਲਦੀ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰ ਸਕਦਾ ਹੈ।