ਮਾਨਸਾ : ਮਾਨਸਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਜਾਂ ਭਾਜਪਾ ਇਹ ਸਾਰੇ ਤੀਜੇ ਜਾਂ ਚੌਥੇ ਨੰਬਰ ਉਤੇ ਆਏ ਹਨ, ਪਰ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਬਲਕਿ ਇੱਥੇ ਸਰਕਾਰੀ ਮਸ਼ੀਨਰੀ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਈਡੀ ਵਰਤੋਂ ਕਰ ਰਹੇ ਹਨ ਇਥੇ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ।
ਕੇਜਰੀਵਾਲ ਉਤੇ ਕੱਸਿਆ ਤੰਜ਼ : ਬੇਸ਼ੱਕ ਲੋਕ ਸਮਝਦੇ ਹਨ ਕਿ ਕੁੱਝ ਮਹੀਨਿਆਂ ਦੀ ਗੱਲ ਹੈ, ਪਰ ਲੋਕਾਂ ਨੂੰ ਪਤਾ ਹੈ ਕਿ ਕੰਮ ਵੀ ਲੈਣੇ ਹਨ ਜਾਂ ਲੋਕ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਆਪ ਵਾਲੇ ਜਲੰਧਰ ਦੀ ਸੀਟ ਲੈ ਗਏ ਪਰ ਇਹ ਲੋਕ ਫਤਵਾ ਨਹੀਂ। ਇਹ ਸਰਕਾਰੀ ਤੰਤਰ ਦਾ ਫਤਵਾ ਹੈ, ਜਿਸ ਕਾਰਨ ਉਹ ਜਿੱਤੇ ਹਨ। ਇਹ ਤਾਂ ਦਿੱਲੀ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਹੈ ਅਤੇ ਇੱਥੇ ਆ ਕੇ ਇਹਨਾਂ ਦਾ ਅਗਲੇ ਸਮੇਂ ਵਿਚ ਖਾਤਮਾ ਹੋਣਾ ਲਾਜ਼ਮੀ ਹੈ।
ਲੋਕ ਇੰਨੇ ਅੱਕੇ ਹੋਏ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਇਹਨਾਂ ਵੱਲੋਂ ਗੱਲਾਂ ਕਹੀਆਂ ਸਨ, ਜਿਵੇਂ ਕਿ ਕੇਜਰੀਵਾਲ ਕਹਿੰਦੇ ਸਨ ਕਿ ਮੈਂ ਕੋਠੀ ਨਹੀਂ ਲਵਾਂਗਾ ਸਰਕਾਰੀ ਕੋਠੀਆਂ ਵੀ ਲੈ ਲਈਆਂ, ਸਕਿਉਰਟੀਆਂ ਵੀ ਲੈ ਲਈਆਂ ਅਤੇ ਹੁਣ ਤਾਂ ਇਸ ਦਾ ਇਕ ਮਹਿਲ ਵੀ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਹੋਈ ਕਾਂਗਰਸ ਦੀ ਜਿੱਤ ਹਿੰਦੁਸਤਾਨ ਵਿਚ ਆਉਣ ਵਾਲੀ ਤਬਦੀਲੀ ਦਾ ਇੱਕ ਸਿਗਨਲ ਦਿੱਤਾ ਹੈ ਅਤੇ ਪੂਰੀ ਸਟੇਟ ਕਾਂਗਰਸ ਪਾਰਟੀ ਜਿੱਤੀ ਹੈ, ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਹੈ ਅਤੇ ਕਾਂਗਰਸ ਦਾ ਮਨੋਬਲ ਹੋਰ ਵੀ ਵਧਿਆ ਹੈ।
2024 ਦੀਆਂ ਵੋਟਾਂ ਦਾ ਵੀ ਜ਼ਿਕਰ : ਪੁਰਾਣਾ ਪੰਜਾਬ ਦਾ ਇਤਿਹਾਸ ਹੈ ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ ਅਤੇ ਪਹਿਲੇ ਦੋ ਤਿੰਨ ਸਾਲ ਤਾਂ ਜ਼ਿਮਨੀ ਚੋਣ ਜਿੱਤਦੀ ਹੈ ਪਰ ਜੋ ਸੰਗਰੂਰ ਦੀ ਪਹਿਲੀ ਇਲੈਕਸ਼ਨ ਸੀ ਬੇਸ਼ੱਕ ਅਸੀਂ ਹਾਰੇ ਸਾਨੂੰ ਪਤਾ ਸੀ ਕੇ ਲੋਕਾਂ ਨੇ ਬਦਲਾਅ ਵਿਚ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਬੇਸ਼ੱਕ ਉਹ ਕਾਂਗਰਸ ਜਾਂ ਅਕਾਲੀ ਦਲ ਹੋਵੇ ਉਨ੍ਹਾਂ ਉਤੇ ਨਾਰਾਜ਼ਗੀ ਦਿਖਾਈ ਸੀ ਅਤੇ ਆਪ ਉਤੇ ਵਿਸ਼ਵਾਸ ਕਰ ਕੇ ਇੱਕ ਹਨੇਰੀ ਦੀ ਤਰ੍ਹਾਂ ਆਪ ਦੇ 92 ਵਿਧਾਇਕ ਜਿਤਾ ਕੇ ਆਪ ਦੀ ਸਰਕਾਰ ਬਣਾਈ ਸੀ, ਪਰ ਉਸ ਸੰਗਰੂਰ ਦੀ ਜ਼ਿਮਨੀ ਚੋਣ ਮਹੀਨਿਆਂ ਬਾਅਦ ਹੀ ਲੋਕ ਫ਼ਤਵਾ ਅਜਿਹਾ ਸੀ ਕਿ ਉਨ੍ਹਾਂ ਨੇ ਉਸ ਪਾਰਟੀ ਨੂੰ ਹਰਾ ਦਿੱਤਾ, ਜਿਸ ਦੀ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਬਣਾਈ ਸੀ। ਉਹਨਾਂ ਲੋਕ ਸਭਾ 2024 ਦੀਆਂ ਚੋਣਾਂ ਉਤੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਨੂੰ ਹੁਣੇ ਤੋਂ ਹੀ ਤਿਆਰੀਆਂ ਕਰਨੀਆਂ ਪੈਣਗੀਆਂ।