ਮਾਨਸਾ: ਕੋਵਿਡ-19 ਹਦਾਇਤਾਂ ਦੀ ਪਾਲਣਾ ਨਾਲ ਸਰਕਾਰੀ ਸਕੂਲਾਂ ਦੀਆਂ ਘਰੇਲੂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਸਰਕਾਰੀ ਸਕੂਲਾਂ ਦੀਆਂ ਗੈਰ-ਬੋਰਡ ਜਮਾਤਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਦੀਆਂ ਘਰੇਲੂ ਪ੍ਰੀਖਿਆਵਾਂ ਕੋਰੋਨਾ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਦੇ ਪਾਲਣ ਨਾਲ ਸ਼ੁਰੂ ਹੋ ਗਈਆਂ ਹਨ। ਪ੍ਰੀਖਿਆਵਾਂ ਦੇ ਪਹਿਲੇ ਦਿਨ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਸਕ ਪਹਿਨ ਕੇ ਸਕੂਲਾਂ ਵਿੱਚ ਪਹੁੰਚੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਸੂਬੇ ’ਚ ਕੋਰੋਨਾ ਕੇਸਾਂ ’ਚ ਮੁੜ ਤੋਂ ਇਜ਼ਾਫਾ ਹੋਣ ਨਾਲ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਪ੍ਰੀਖਿਆ ਤਿਆਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਵਿਦਿਆਰਥੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਬਚਾਅ ਸਾਵਧਾਨੀਆਂ ਦਾ ਪਾਲਣ ਕਰਦਿਆਂ ਪ੍ਰੀਖਿਆਵਾਂ ਦੇਣ ਲਈ ਸਕੂਲਾਂ ਵਿੱਚ ਆਉਣਗੇ।
ਉਨ੍ਹਾਂ ਦੱਸਿਆ ਕਿ ਵਿਭਾਗੀ ਫ਼ੈਸਲੇ ਅਨੁਸਾਰ ਸੋਮਵਾਰ ਨੂੰ ਸ਼ੁਰੂ ਹੋਈਆਂ ਗੈਰ-ਬੋਰਡ ਜਮਾਤਾਂ ਦੀਆਂ ਘਰੇਲੂ ਪ੍ਰੀਖਿਆਵਾਂ ਦੇ ਪਹਿਲੇ ਦਿਨ ਸਵੇਰ ਦੇ ਸੈਸ਼ਨ ਦੌਰਾਨ ਸਮੂਹ ਮਿਡਲ ਅਤੇ ਹਾਈ ਸਕੂਲਾਂ ਵਿੱਚ ਛੇਵੀਂ ਜਮਾਤ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਈ, ਜਦਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਜਮਾਤ ਦੀ ਗਣਿਤ ਅਤੇ ਗਿਆਰਵੀਂ ਜਮਾਤ ਦੀ ਜਨਰਲ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ਦੌਰਾਨ ਸਮੂਹ ਮਿਡਲ ਸਕੂਲਾਂ ਵਿੱਚ ਸੱਤਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਈ, ਜਦਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੱਤਵੀਂ ਜਮਾਤ ਦੀ ਵਿਗਿਆਨ ਅਤੇ ਨੌਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ।
ਉਨ੍ਹਾਂ ਦੱਸਿਆ ਕਿ ਅੱਜ ਪ੍ਰੀਖਿਆਵਾਂ ਲਈ ਸਕੂਲ ਆਉਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਿੱਥੇ ਮਾਸਕ ਪਹਿਨ ਕੇ ਸਕੂਲ ਆਉਣ, ਪੇਪਰ ਕਰਨ ਲਈ ਲੋੜੀਂਦੀ ਸਮੱਗਰੀ ਆਪੋ-ਆਪਣੀ ਲਿਆਉਣ ਆਦਿ ਹਦਾਇਤਾਂ ਦੀ ਵਟਸਐਪ ਗਰੁੱਪਾਂ ਰਾਹੀਂ ਅਗਾਊਂ ਜਾਣਕਾਰੀ ਦਿੱਤੀ ਗਈ। ਉੱਥੇ ਹੀ, ਸਕੂਲਾਂ ਵਿੱਚ ਸੈਨੇਟਾਈਜ਼ਰ ਅਤੇ ਮਾਸਕ ਉਪਲਬਧ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੀ ਪਾਣੀ ਦੀ ਬੋਤਲ, ਜੁਮੈਟਰੀ, ਪੈਨ ਅਤੇ ਪੈਨਸਿਲ ਆਦਿ ਦੂਜੇ ਵਿਦਿਆਰਥੀਆਂ ਨਾਲ ਸਾਂਝਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਜਿਕ ਦੂਰੀ ਬਣਾਈ ਰੱਖਣ ਲਈ ਇੱਕ ਡੈਸਕ ’ਤੇ ਸਿਰਫ਼ ਇੱਕ ਵਿਦਿਆਰਥੀ ਹੀ ਬਿਠਾਇਆ ਗਿਆ।