ਮਾਨਸਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿਖੇ ਦੌਰਾ ਕੀਤਾ। ਇਸ ਦੌਰਾਨ ਕੈਪਟਨ ਸਰਕਾਰ 'ਤੇ ਖੂਬ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ। ਅੱਜ ਉਨ੍ਹਾਂ ਦੀ ਸਰਕਾਰ ਪੁਲਿਸ ਨਾਲ ਮਿਲ ਕੇ ਪੰਜਾਬ ਨੂੰ ਨਸ਼ੇੜੀ ਬਣਾਉਣ 'ਤੇ ਲੱਗੀ ਹੋਈ ਹੈ।
ਹਰਸਿਮਰਤ ਬਾਦਲ ਨੇ ਮਾਨਸਾ ਹਲਕੇ ਦੇ ਦੌਰੇ ਦੌਰਾਨ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਵਾਈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਿੰਨਾ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਨਸ਼ੇ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ, ਅੱਜ ਉਹ ਖ਼ੁਦ ਸਰਕਾਰ ਅਤੇ ਪੁਲਿਸ ਪੰਜਾਬ ਨੂੰ ਨਸ਼ੇੜੀ ਬਣਾਉਣ 'ਤੇ ਲੱਗੀ ਹੋਈ ਹੈ। ਨਸ਼ੇ ਦੇ ਕਾਰੋਬਾਰਾਂ ਦੇ ਹੌਂਸਲੇ ਬੁਲੰਦ ਹਨ, ਜੇਕਰ ਕੋਈ ਨਸ਼ੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਤਾਂ ਉਸ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਂਦੀ ਹੈ। ਜੇਲ੍ਹ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਦਿੱਲੀ ਵਿੱਚ ਰਵਿਦਾਸ ਮੰਦਰ ਨੂੰ ਤੋੜਨ ਅਤੇ ਦਲਿਤ ਸਮਾਜ ਨੂੰ ਠੇਸ ਪਹੁੰਚਾਉਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਨੇ ਪ੍ਰਾਚੀਨ ਰਵਿਦਾਸ ਮੰਦਰ ਵੱਲ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਾਰਨ ਅੱਜ ਮੰਦਰ ਨੂੰ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਪ੍ਰਧਾਨ ਗ੍ਰਹਿ ਮੰਤਰੀ ਨੂੰ ਮਿਲ ਰਹੇ ਹਨ ਅਤੇ ਇਸ ਮੰਦਰ ਦਾ ਦੁਬਾਰਾ ਨਿਰਮਾਣ ਕਰਨ ਅਤੇ ਲੋਕਾਂ ਨੂੰ ਪਹੁੰਚੀ ਠੇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਹੀ ਕਦਮ ਚੁੱਕੇਗਾ।
ਇਹ ਵੀ ਪੜ੍ਹੋ: ਪੰਜਾਬ ਬੰਦ ਦਾ ਵਿਖ ਰਿਹੈ ਅਸਰ, ਕਈ ਜ਼ਿਲ੍ਹਿਆਂ 'ਚ ਰੋਸ ਪ੍ਰਦਰਸ਼ਨ