ਮਾਨਸਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਸਤਾ ਹੈ। ਸਕੂਲ ਆਪਣੇ ਪੈਰਾਂ 'ਤੇ ਹੀ ਬਹੁਤ ਮੁਸ਼ਕਲ ਨਾਲ ਖੜਾ ਹੈ।
ਈਟੀਵੀ ਭਾਰਤ ਵੱਲੋਂ ਜਦੋਂ ਸਮਾਰਟ ਸਕੂਲਾਂ ਦੀ ਰਿਐਲਟੀ ਚੈੱਕ ਕੀਤੀ ਗਈ ਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਸਰਕਾਰੀ ਪ੍ਰਾਇਮਰੀ ਸਕੂਲ ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਆਓ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸਮਾਰਟ ਸਕੂਲ।
ਪਿੰਡ ਅਕਲੀਆ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੇਨ ਗੇਟ 'ਤੇ ਹੀ ਗੰਦਗੀ ਦੇ ਢੇਰ ਅਤੇ ਬਦਬੂਦਾਰ ਪਿੰਡ ਦਾ ਪਾਣੀ ਇਸ ਸਕੂਲ ਦੀਆਂ ਕੰਧਾਂ ਨਾਲ ਲੱਗਾ ਹੋਇਆ ਹੈ ਅਤੇ ਸਕੂਲ ਦੀ ਚਾਰ ਦੀਵਾਰੀ ਵੀ ਢੇਰ ਹੋਈ ਹੈ। ਜਦੋਂ ਸਕੂਲ ਦੇ ਅੰਦਰ ਜਾ ਕੇ ਕਮਰੇ ਵੇਖੇ ਗਏ ਤਾਂ ਇਨ੍ਹਾਂ ਕਮਰਿਆਂ ਵਿੱਚ ਜ਼ਿਆਦਾਤਰ ਤਰੇੜਾਂ ਆਈਆਂ ਹੋਈਆਂ ਹਨ ਅਤੇ ਬੱਚੇ ਵੀ ਇਨ੍ਹਾਂ ਕਮਰਿਆਂ ਵਿੱਚ ਹੀ ਪੜ੍ਹਾਈ ਕਰ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵਾਅਦੇ ਕਰ ਕੇ ਭੁੱਲ ਚੁੱਕੀ ਹੈ। ਇਸ ਸਕੂਲ ਨੂੰ ਸਮਾਰਟ ਬਣਾਉਣਾ ਤਾਂ ਦੂਰ ਦੀ ਗੱਲ ਹੈ, ਵਿਦਿਆਰਥੀਆਂ ਨੂੰ ਬੁਨੀਆਦੀ ਸਹੂਲਤਾਂ ਹੀ ਉਪਲਬਧ ਨਹੀਂ ਹੈ। ਵਿਦਿਆਰਥੀ ਜਿਨਾਂ ਕਮਰਿਆਂ ਵਿੱਚ ਬੈਠ ਕੇ ਪੜ੍ਹ ਰਹੇ ਹਨ, ਉਹ ਕਦੇ ਵੀ ਢੇਰ ਹੋ ਸਕਦੇ ਹਨ। ਇਸ ਕਾਰਨ ਵੱਡਾ ਹਾਦਸਾ ਵਾਪਰਨ ਦਾ ਡਰ ਹਰ ਸਮੇਂ ਬਣਿਆ ਹੋਇਆ ਹੈ
ਉੱਥੇ ਹੀ, ਸਕੂਲ ਅਧਿਆਪਕ ਚਮਕੌਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਖ਼ਸਤਾ ਹਾਲਤ ਹੈ, ਪਰ ਬੁੱਧਵਾਰ ਨੂੰ ਹੀ ਉਨ੍ਹਾਂ ਕੋਲ ਡੀਈਓ ਆਏ ਸਨ ਅਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਨ੍ਹਾਂ ਦੇ ਸਕੂਲ ਦੀ ਜਲਦ ਹੀ ਚਾਰ ਦੀਵਾਰੀ ਬਗਲੀ ਜਾਵੇਗੀ ਅਤੇ ਖ਼ਸਤਾ ਹਾਲਤ ਕਮਰਿਆਂ ਦੀ ਰਿਪੇਅਰ ਕੀਤੀ ਜਾਵੇਗੀ।
ਹੁਣ ਵੇਖਣਾ ਹੋਵੇਗਾ ਕਿ ਡੀਈਓ ਵਲੋਂ ਦਵਾਇਆ ਭਰੋਸਾ ਪੂਰਾ ਹੋਣ ਲਈ ਕਿਨਾਂ ਕੁ ਸਮਾਂ ਹੋਰ ਲਵੇਗਾ। ਵਿਦਿਆਰਥੀ ਕਿਨਾਂ ਚਿਰ ਹੋਰ ਤਰੇੜਾਂ ਵਾਲੇ ਕਮਰਿਆਂ 'ਚ ਬੈਠ ਕੇ ਪੜਣ ਲਈ ਮਜ਼ਬੂਰ ਰਹਿਣਗੇ।
ਇਹ ਵੀ ਪੜ੍ਹੋ: ਬਜਟ ਇਜਲਾਸ ਦੇ ਪਹਿਲੇ ਹੀ ਦਿਨ ਅਕਾਲੀ ਦਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ