ਮਾਨਸਾ : ਕਿਸਾਨ ਅੰਦੋਲਨ ਵਿਚਾਲੇ ਟਿਕਰੀ ਬਾਰਡਰ ਤੋਂ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਾਨਸਾ ਦੇ ਪਿੰਡ ਧੀਂਗੜ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਦੀ ਮੌਤ ਹੋ ਗਈ ਹੈ। ਕਿਸਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਧੀਂਗੜ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਬੀਤੇ ਦਿਨ ਹੀ ਆਪਣਾ ਟਰੈਕਟਰ ਲੈ ਕੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਦਿੱਲੀ ਗਿਆ ਸੀ। ਅੱਜ ਸਵੇਰ ਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਕਿਸਾਨ ਸਾਥੀਆਂ ਨੇ ਉਸ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ , ਉਥੇ ਉਸ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਗੁਰਮੀਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਸਰਕਾਰ ਤੋਂ ਸ਼ਹੀਦ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵਇਏ ਕਾਰਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਕਿਸਾਨ ਅੰਦੋਲਨ ਦੌਰਾਨ 50 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਖੇਤੀ ਕਾਨੂੰਨ ਰੱਦ ਕਰ ਦਵੇ ਤਾਂ ਕਈ ਕਿਸਾਨਾਂ ਦੀ ਜਾਨਾਂ ਬਚਾਇਆਂ ਜਾ ਸਕਦੀਆਂ ਹਨ।