ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ ਜਿਥੇ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੀਆਂ ਹੋਈਆਂ ਹਨ। ਉੱਥੇ ਹੀ ਸਟੇਸ਼ਨ 'ਤੇ ਚੱਲ ਰਹੇ ਧਰਨੇ ਵੀ ਲਗਾਤਾਰ ਜਾਰੀ ਹਨ। ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲੋਹੜੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ ਅਤੇ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮੌਕੇ ਟਰੈਕਟਰ ਮਾਰਚ ਦੀ ਗੱਲ ਕਹੀ ਗਈ ਹੈ।
30 ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਵਿੱਚ ਰੇਲਵੇ ਸਟੇਸ਼ਨ ਦੇ ਪਾਰਕ 'ਚ ਚੱਲ ਰਿਹਾ ਮੋਰਚਾ ਅੱਜ 103ਵੇਂ ਦਿਨਾਂ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਆਗੂ ਬਲਵਿੰਦਰ ਸ਼ਰਮਾ ਖਿਆਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਾਰ ਦੀ ਲੋਹੜੀ ਪਹਿਲਾਂ ਦੀ ਤਰ੍ਹਾਂ ਗੀਤ ਗਾ ਕੇ ਨਹੀਂ ਬਲਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਦੁੱਲੇ ਭੱਟੀ ਦੇ ਗੀਤ ਗਾਏ ਜਾਣਗੇ ਤੇ ਮੋਦੀ ਸਰਕਾਰ ਦੇ ਕੰਨਾਂ ਤੱਕ ਰੋਹ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਵੀ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ ਅਤੇ ਦਿੱਲੀ ਦੇ ਅੰਦਰ ਟਰੈਕਟਰ ਮਾਰਚ 26 ਜਨਵਰੀ ਨੂੰ ਕਰਨ ਲਈ 20 ਜਨਵਰੀ ਨੂੰ ਹੀ ਸਮੁੱਚੇ ਪੰਜਾਬ ਤੋਂ ਲੋਕ ਟਰੈਕਟਰ ਸਮੇਤ ਮਾਰਚ ਵਿੱਚ ਸ਼ਾਮਲ ਹੋਣਗੇ।