ਮਾਨਸਾ: ਪੰਜਾਬ ਵਿੱਚ ਜਿੱਥੇ ਕਿਸਾਨ ਝੋਨੇ ਦੀ ਪਰਾਲੀ ਨੂੰ ਸਾਂਭਣ ਦਾ ਕੋਈ ਹੱਲ ਨਾ ਹੋਣ ਕਾਰਨ ਆਪਣੀ ਮਜਬੂਰੀ ਦੱਸ ਕੇ ਲਗਾਤਾਰ ਝੋਨੇ ਦੀ ਪਰਾਲੀ ਨੂੰ ਸਾੜ ਰਹੇ ਹਨ। ਉੱਥੇ ਹੀ ਕਈ ਅਜਿਹੇ ਉੱਦਮੀ ਕਿਸਾਨ ਵੀ ਹਨ ਜੋ ਵਾਤਾਵਰਨ ਪੱਖੀ ਹੋਣ ਦਾ ਸਬੂਤ ਦਿੰਦਿਆਂ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਕੇ ਪਸ਼ੂਆਂ ਲਈ ਚਾਰਾ ਬਣਾ ਰਹੇ ਹਨ।
ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਪਰਾਲੀ ਤੋਂ ਪਸ਼ੂਆਂ ਦੇ ਲਈ ਹਰਾ-ਚਾਰਾ ਬਣਾਉਣ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਨੇਤਾ ਗੋਰਾ ਸਿੰਘ ਨੇ ਉਪਰਾਲਾ ਕੀਤਾ ਹੈ।
ਕਿਸਾਨ ਨੇਤਾ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੇਸ਼ੱਕ ਉਹ ਯੂਨੀਅਨਾਂ ਵਿੱਚ ਹੁੰਦੇ ਸਮੇਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਾ ਹੋਣ ਕਾਰਨ ਅੱਗ ਲਾਉਣ ਦੇ ਲਈ ਪ੍ਰੇਰਿਤ ਕਰਦੇ ਸਨ ਪਰ ਜਿੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਅਸੀਂ ਖ਼ੁਦ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਉਹ ਆਪਣੇ 20 ਏਕੜ ਝੋਨੇ ਦੀ ਜ਼ਮੀਨ ਵਿੱਚੋਂ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਕੇ ਪਸ਼ੂਆਂ ਲਈ ਹਰੇ-ਚਾਰੇ ਵਜੋਂ ਵਰਤਣਗੇ ਉੱਥੇ ਹੀ ਸਰਦੀ ਸਮੇਂ ਪਸ਼ੂਆਂ ਦੇ ਲਈ ਸੁੱਖ ਦਾ ਵੀ ਕੰਮ ਕਰਨਗੇ।
ਉੱਥੇ ਹੀ ਕਿਸਾਨ ਲੱਖਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਵਿਭਾਗ ਵੱਲੋਂ ਮਿਸ਼ਨਰੀ ਉਪਲੱਬਧ ਕਰਵਾਈ ਗਈ ਹੈ ਪਰ ਉਹ ਵੀ ਆਪਣੇ ਚਹੇਤਿਆਂ ਨੂੰ ਕਰਵਾਈ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਗੱਠਾਂ ਬਣਾਉਣ ਦੇ ਲਈ ਵੀ ਨਹੀਂ ਮਿਲੀ।
ਇਹ ਵੀ ਪੜੋ: LIVE: JNU ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਜਾਰੀ
ਉਧਰ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਨੇ ਕਿਹਾ ਕਿ ਕਿਸਾਨ ਗੋਰਾ ਸਿੰਘ ਵੱਲੋਂ ਵਰਤੀ ਜਾ ਰਹੀ ਸਕੀਮ ਬਹੁਤ ਹੀ ਵਧੀਆ ਹੈ ਕਿਉਂਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਅਸੀਂ ਖੁਦ ਬਿਮਾਰੀਆਂ ਦੇ ਵੀ ਸ਼ਿਕਾਰ ਆਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਿਸਾਨਾਂ ਨੂੰ ਗੋਰਾ ਸਿੰਘ ਵਾਂਗ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਨੀ ਚਾਹੀਦੀ ਹੈ।