ਮਾਨਸਾ: ਜ਼ਿਲ੍ਹੇ ਦੇ ਵਿੱਚ ਕਿਸਾਨ ਜ਼ਿਆਦਾਤਰ ਇਸ ਵਾਰ ਝੋਨੇ ਦੀ ਪਰਾਲੀ ਤੋ ਗੱਠਾਂ ਬਣਵਾ ਕੇ ਵਾਇਟਨ ਐਨਰਜੀ ਪਲਾਂਟ ਦੇ ਵਿਚ ਭੇਜ ਰਹੇ ਹਨ। ਜਿਸ ਨਾਲ ਕਿਸਾਨਾਂ ਦੀ ਜ਼ਮੀਨ ਵੀ ਪਰਾਲੀ ਤੋ ਖਾਲੀ ਹੋ ਰਹੀ ਹੈ ਤੇ ਦੂਸਰਾ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਰਿਹਾ ਹੈ। ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਹੋਣ ਕਾਰਨ ਇਸ ਵਾਰ ਕਿਸਾਨ ਪਰਾਲੀ ਨੂੰ ਅੱਗ ਵੀ ਬਹੁਤ ਘੱਟ ਲਗਾ ਰਹੇ ਨੇ।
ਕਿਸਾਨਾਂ ਵੱਲੋਂ ਹਰ ਵਾਰ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਾ ਹੋਣ ਦੇ ਕਾਰਨ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਾਰਨ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਤੇ ਦੂਸਰਾ ਸੜਕਾਂ ਉੱਪਰ ਵੀ ਹਾਦਸੇ ਹੁੰਦੇ ਨੇ ਪਰ ਇਸ ਵਾਰ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਹੋਈ ਹੈ। ਮਾਨਸਾ ਜ਼ਿਲ੍ਹੇ ਦੇ ਜ਼ਿਆਦਾਤਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਪਰਾਲੀ ਦੀਆਂ ਗੱਠਾਂ ਬਣਵਾ ਕੇ ਖੋਖਰ ਖੁਰਦ ਵਿਖੇ ਲੱਗੇ ਵਾਇਟਨ ਐਨਰਜੀ ਪਲਾਂਟ ਦੇ ਵਿਚ ਭੇਜ ਰਹੇ ਹਨ।
ਵਾਇਟਨ ਐਨਰਜੀ ਪਲਾਂਟ ਦੇ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪਿੰਡ ਖੋਖਰ ਖੁਰਦ ਦੇ ਵਿੱਚ ਪਰਾਲੀ ਤੋਂ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਉਹ ਖੇਤਾਂ ਵਿੱਚ ਕਿਸਾਨ ਕੋਲ ਜਾਂਦੇ ਹਨ ਅਤੇ ਉਸ ਦੀ ਪਰਾਲੀ ਦੀਆਂ ਮੁਫ਼ਤ ਦੇ ਵਿਚ ਗੱਠਾਂ ਬਣਵਾ ਕੇ ਵਾਇਟਨ ਐਨਰਜੀ ਪਲਾਂਟ ਦੇ ਵਿੱਚ ਲੈ ਕੇ ਆਉਂਦੇ ਹਨ ਅਤੇ ਕਿਸਾਨ ਨੂੰ ਜ਼ਮੀਨ ਖਾਲੀ ਕਰਕੇ ਦੇ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ ਦੂਸਰਾ ਅੱਗ ਨਾ ਲਗਾਉਣ ਕਰਕੇ ਜੋ ਕਿਸਾਨ ਦੀ ਜ਼ਮੀਨ ਵਿੱਚ ਮਿੱਤਰ ਕੀੜੇ ਹੁੰਦੇ ਹਨ ਉਹ ਵੀ ਬਚ ਜਾਂਦੇ ਹਨ ਤੇ ਕਿਸਾਨ ਟਾਈਮ ਨਾਲ ਆਪਣੀ ਅਗਲੀ ਬਿਜਾਈ ਵੀ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਲੈਵਲ ਤੇ ਪ੍ਰਸ਼ਾਸਨ ਅਤੇ ਵੀਡੀਓ ਤੇ ਸਰਪੰਚਾਂ ਦੇ ਨਾਲ ਮੀਟਿੰਗਾਂ ਹੋਈਆਂ ਹਨ ਜੋ ਕਿ ਕਿਸਾਨਾਂ ਨੂੰ ਜਾਗਰੂਕ ਵੀ ਕਰਦੇ ਹਨ ਅਤੇ ਸਾਨੂੰ ਜ਼ਮੀਨ ਖਾਲੀ ਕਰਨ ਦੇ ਲਈ ਸੂਚਿਤ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਵਧਾ ਰਹੇ ਹਾਂ ਅਤੇ ਇਸ ਸਾਲ ਵੀ 30 ਤੋਂ 40 ਫੀਸਦੀ ਜ਼ਿਆਦਾ ਮਸ਼ੀਨਾਂ ਪਿੰਡਾਂ ਦੇ ਵਿਚ ਪਰਾਲੀ ਦੀਆਂ ਗੱਠਾਂ ਬਣਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਕੰਪਨੀ ਨਾਲ ਸੰਪਰਕ ਕਰਨ ਤਾਂ ਕਿ ਉਨ੍ਹਾਂ ਦੇ ਖੇਤ ਵਿੱਚੋਂ ਪਰਾਲੀ ਦੀਆਂ ਗੱਠਾਂ ਬਣਾਕੇ ਖੇਤ ਖਾਲੀ ਕੀਤਾ ਜਾ ਸਕੇ।
ਉੱਧਰ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾ ਰਹੇ ਡਰਾਈਵਰ ਸਿਮਰ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੇ ਨਾਲ ਦਿਨ ਵਿੱਚ ਕਰੀਬ 60 ਤੋਂ 65 ਏਕੜ ਜ਼ਮੀਨ ਦੇ ਵਿਚ ਪਰਾਲੀ ਦੀਆਂ ਗੱਠਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਜਿੱਥੇ ਕਿਸਾਨ ਨੂੰ ਫਾਇਦਾ ਹੁੰਦਾ ਹੈ, ਉੱਥੇ ਹੀ ਇਸ ਪਰਾਲੀ ਨੂੰ ਬੈਟਨ ਐਨਰਜੀ ਪਲਾਂਟ ਦੇ ਵਿਚ ਖੁਦ ਪਲਾਂਟ ਦੇ ਮਜ਼ਦੂਰ ਹੀ ਚੁੱਕ ਕੇ ਲਿਜਾਂਦੇ ਹਨ ਅਤੇ ਕਿਸਾਨ ਨੂੰ ਜ਼ਮੀਨ ਖਾਲੀ ਕਰਕੇ ਦਿੱਤੀ ਜਾਂਦੀ ਹੈ ਅਤੇ ਉਹ ਸਮੇਂ ਸਿਰ ਆਪਣੀ ਕਣਕ ਦੀ ਬਿਜਾਈ ਕਰ ਲੈਂਦਾ ਹੈ।
ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਸਾਡੇ ਲਈ ਇਹ ਮਸ਼ੀਨ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਹਿਲਾਂ ਪਰਾਲੀ ਦਾ ਕੋਈ ਹੱਲ ਨਹੀਂ ਸੀ, ਛੋਟੇ ਜ਼ਿਮੀਂਦਾਰ ਕੋਲ ਛੋਟੇ ਟਰੈਕਟਰ ਸਨ ਅਤੇ ਪਰਾਲੀ ਨੂੰ ਵੀ ਚੰਗੀ ਤਰ੍ਹਾਂ ਜ਼ਮੀਨ ਵਿੱਚ ਨਹੀਂ ਪਾਉਂਦੇ ਸਨ। ਜੇਕਰ ਜ਼ਮੀਨ ਵਿੱਚ ਵਾਹੁੰਦੇ ਵੀ ਸਨ ਤਾਂ ਸਾਡੀ ਕਣਕ ਨੂੰ ਬਹੁਤ ਨੁਕਸਾਨ ਹੁੰਦਾ ਸੀ, ਸਾਡੇ ਕੋਲ ਇਸ ਦਾ ਇੱਕ ਛੋਟਾ ਜਿਹਾ ਇਲਾਜ ਸੀਖਾਂ ਵਾਲੀ ਡੱਬੀ ਸੀ ਜਿਸ ਨਾਲ ਪਰਾਲੀ ਖਤਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਲਗਾ ਕੇ ਆਪਣੀ ਕਣਕ ਬੀਜਦੇ ਸੀ ਅਤੇ ਸਾਡੀ ਮਜਬੂਰੀ ਸੀ ਕਿ ਅਸੀਂ ਜ਼ਮੀਨ ਠੇਕੇ 'ਤੇ ਲੈਂਦੇ ਸੀ ਪਰ ਇਸ ਦਾ ਕੋਈ ਹੱਲ ਨਹੀਂ ਸੀ। ਪਰ ਹੁਣ ਇਹ ਮਸ਼ੀਨ ਆਈ ਹੈ ਜਿਸ ਨਾਲ ਜ਼ਮੀਨ ਦੇ ਵਿਚ ਗੱਠਾਂ ਤਿਆਰ ਕਰ ਕੇ ਸਾਡੀ ਜ਼ਮੀਨ ਖਾਲੀ ਕੀਤੀ ਜਾ ਰਹੀ ਹੈ। ਅਸੀਂ ਇਹ ਪਰਾਲੀ ਚੁਕਵਾਈ ਹੈ ਅਤੇ ਮੁਫ਼ਤ ਚੁਕਵਾਈ ਹੈ ਅਤੇ ਉਹ ਖੁਦ ਹੀ ਖੇਤ ਵਿੱਚੋਂ ਪਰਾਲੀ ਚੁੱਕ ਕੇ ਲਿਜਾ ਰਹੇ ਹਨ।
ਕਿਸਾਨ ਨੇ ਦੱਸਿਆ ਕਿ ਸਾਡੇ ਉਪਰ ਪਹਿਲਾਂ ਪਰਚੇ ਵੀ ਦਰਜ ਹੁੰਦੇ ਸਨ, ਜੋ ਸੜਕਾਂ ਦੇ ਨਜ਼ਦੀਕ ਵਾਹਨ ਆਉਂਦੇ ਸਨ ਤਾਂ ਮਸ਼ੀਨਰੀ ਰੁਕ ਜਾਂਦੀ ਸੀ। ਕਈ ਲੋਕਾਂ ਦੇ ਗੱਭਰੂ ਜਵਾਨ ਪੁੱਤਰ ਵੀ ਮਰੇ ਤਾਂ ਜਿਸ ਕਾਰਨ ਸਾਡੇ ਉੱਪਰ ਪਰਚੇ ਦਰਜ ਹੁੰਦੇ ਸਨ ਅਤੇ ਕਈ ਬੀਮਾਰੀਆਂ ਦਾ ਕਾਰਨ ਵੀ ਬਣਦੇ ਸਨ। ਜਿਵੇਂ ਕਿ ਦਮੇ ਜਿਹੀਆਂ ਬਿਮਾਰੀਆਂ ਧੂੰਏਂ ਦੇ ਕਾਰਨ ਬਣੀਆਂ ਹਨ ਪਰ ਇਸ ਵਾਰ ਮੌਸਮ ਸਾਫ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪਰਾਲੀ ਦੀਆਂ ਗੱਠਾਂ ਬਣਾਉਣ ਨਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ CM ਜੈ ਰਾਮ ਠਾਕੁਰ ਆਉਣਗੇ ਡੇਰਾ ਬਿਆਸ !