ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਦੇ ਵਿੱਚ ਇਕ ਕਿਸਾਨ ਨੇ ਆੜ੍ਹਤੀਏ ਦਾ 3.50 ਲੱਖ ਰੁਪਏ ਦੇਣਾ ਹੈ ਜਿਸ ਦੇ ਬਦਲੇ ਕਿਸਾਨ ਆਪਣੀ ਕਣਕ ਵੱਢ ਰਿਹਾ ਸੀ ਤਾਂ ਆੜ੍ਹਤੀਏ ਵੱਲੋਂ ਆ ਕੇ ਰੋਕਣ ਦਾ ਕਿਸਾਨ ਨੇ ਆੜ੍ਹਤੀਏ ’ਤੇ ਇਲਜ਼ਾਮ ਲਗਾਇਆ ਹੈ। ਪੀੜਤ ਕਿਸਾਨ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਮੈਂ ਆੜ੍ਹਤੀਏ ਤੋਂ ਪੈਸੇ ਲਏ ਸਨ ਪਰ ਇੱਕ ਹਫ਼ਤਾ ਪਹਿਲਾਂ ਸਾਡਾ ਪੰਚਾਇਤ ਦੇ ਵਿਚ ਸਮਝੌਤਾ ਹੋਇਆ ਹੈ ਅਤੇ ਮੈਂ ਖੁਦ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਬੀਜੀ ਹੈ ਅਤੇ ਮੇਰੇ ਕੋਲ ਇੱਕ ਕਨਾਲ ਵੀ ਜ਼ਮੀਨ ਨਹੀਂ ਹੈ ਪਰ ਅੱਜ ਜਦੋਂ ਮੈਂ ਕਣਕ ਵੱਢ ਰਿਹਾ ਸੀ ਤਾਂ ਸੇਠ ਵੱਲੋਂ ਆ ਕੇ ਰੋਕ ਦਿੱਤਾ ਗਿਆ ਅਤੇ ਕਿਹਾ ਕਿ ਕਣਕ ਮੇਰੀ ਦੁਕਾਨ ’ਤੇ ਲੈ ਕੇ ਚੱਲ। ਕਿਸਾਨ ਨੇ ਇਲਜ਼ਾਮ ਲਗਾਇਆ ਕਿ ਸੇਠਾਂ ਨੇ ਉਸਨੂੰ ਰੱਜ ਕੇ ਜ਼ਲੀਲ ਕੀਤਾ ਜਿਸਦੇ ਚੱਲਦਿਆਂ ਉਸ ਕੋਲ ਖ਼ੁਦਕੁਸ਼ੀ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ।
ਕਿਸਾਨ ਨੇ ਕਿਹਾ ਕਿ ਮੈਂ ਆੜ੍ਹਤੀਏ ਦੇ ਪੈਸੇ ਮੁੱਕਰ ਨਹੀਂ ਰਿਹਾ ਜੇਕਰ ਮੁੱਕਰਦਾ ਹਾਂ ਤਾਂ ਮੇਰੇ ’ਤੇ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਕਿਸਾਨ ਨੇ ਕਿਹਾ ਕਿ ਇਹ ਕੀ ਮਸਲਾ ਹੋਇਆ ਕਿ ਕਿਸੇ ਦੀ ਜ਼ਮੀਨ ਵਿੱਚ ਜਾ ਕੇ ਕਣਕ ਵੱਢਣ ਤੋਂ ਰੋਕ ਦਿਉ। ਕਿਸਾਨ ਨੇ ਮੰਨਿਆ ਕਿ ਉਸਦੀ ਆੜ੍ਹਤ ਉਨ੍ਹਾਂ ਨਾਲ ਚਲਦੀ ਸੀ ਪਰ ਉਸ ਦੇ ਬੇਟੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹ ਆੜ੍ਹਤੀਆਂ ਦੇ ਪੈਸੇ ਨਹੀਂ ਦੇ ਸਕਿਆ ਪਰ ਅੱਜ ਵੀ ਉਹ ਪੈਸੇ ਮੁੱਕਰਦਾ ਨਹੀਂ ਅਤੇ ਦੇਵੇਗਾ।
ਦੂਜੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਪੁੱਤਰ ਸ਼ਗਨ ਸਿੰਘ ਪਿੰਡ ਨੰਗਲ ਖੁਰਦ ਤੋਂ ਉਸ ਨੇ ਆੜ੍ਹਤ ਦਾ ਸਾਢੇ ਤਿੰਨ ਲੱਖ ਰੁਪਏ ਲੈਣਾ ਹੈ ਜਿਸ ਦਾ ਪੰਚਾਇਤ ਵਿੱਚ ਸਮਝੌਤਾ ਹੋਇਆ ਸੀ। ਉਸਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੂੰ ਲਾਅਰੇ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਰਜੀਤ ਸਿੰਘ ਕਣਕ ਵੱਢ ਰਿਹਾ ਹੈ ਤਾਂ ਉਨ੍ਹਾਂ ਇਹ ਪਿਛਲਾ ਲੈਣ ਦੇਣ ਦਾ ਮਸਲਾ ਸੁਲਝਾਉਣ ਦੀ ਮੰਗ ਕੀਤੀ। ਇਸਦੇ ਨਾਲ ਹੀ ਆੜ੍ਹਤੀਏ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਕਿਸਾਨਾਂ ਨਾਲ ਕੋਈ ਸ਼ਬਦਾਵਲੀ ਨਹੀਂ ਵਰਤੀ ਗਈ।
ਪੀੜਤ ਕਿਸਾਨ ਦੀ ਹਮਾਇਤ ’ਤੇ ਆਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਪਿੰਡ ਨੰਗਲ ਖੁਰਦ ਦੇ ਕਿਸਾਨ ਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਤੀ ਦਿਨਾਂ ਤੋਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਅੱਜ ਪ੍ਰਦਰਸ਼ਨ ਦੇ ਵਿੱਚ ਸਾਡੇ ਕੋਲ ਦੋ ਕਿਸਾਨ ਗਏ ਅਤੇ ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਕਿਸਾਨ ਨੂੰ ਆੜ੍ਹਤੀਆ ਕਣਕ ਵੱਢਣ ਤੋਂ ਰੋਕ ਰਿਹਾ ਹੈ ਅਤੇ ਕੰਬਾਈਨ ਨਹੀਂ ਚੱਲਣ ਦੇ ਰਿਹਾ ’ਤੇ ਖੇਤ ਵਿੱਚ ਪਹੁੰਚ ਗਿਆ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਿਤ ਨਹੀਂ ਕਰਨਗੇ। ਉਨ੍ਹਾਂ ਮਸਲੇ ਨੂੰ ਬੈਠ ਕੇ ਗੱਲਬਾਤ ਨਾਲ ਸੁਲਝਾਉਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ SGPC ਨੂੰ ਲਿਖਿਆ ਪੱਤਰ ਕਿਹਾ...