ਮਾਨਸਾ: ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੀ 14 ਫਰਵਰੀ ਨੂੰ ਹੋਈਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨ ਕਰ ਦਿੱਤੇ ਗਏ ਹਨ। ਮਾਨਸਾ ਦੇ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਇਥੇ ਵੀ ਸਭ ਵਾਰਡਾਂ 'ਚ ਕਾਂਗਰਸ ਦਾ ਦਬਦਬਾ ਵੇਖਣ ਨੂੰ ਮਿਲਿਆ। ਮਾਨਸਾ 'ਚ ਜਿਥੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਸਣੇ ਆਜ਼ਾਦ ਉਮੀਦਵਾਰ ਜੇਤੂ ਰਹੇ, ਉਥੇ ਹੀ ਭਾਜਪਾ ਦਾ ਇਥੇ ਖਾਤਾ ਨਹੀਂ ਖੁੱਲ੍ਹਿਆ।
ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਵਿਖੇ ਕੁਲ 27 ਵਾਰਡਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਵਿੱਚੋਂ ਵਾਰਡ ਨੰ 20 'ਚ ਪਹਿਲਾਂ ਹੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਉਮੀਦਵਾਰ ਸਰਬਸੰਮਤੀ ਨਾਲ ਜੇਤੂ ਐਲਾਨਿਆ ਜਾ ਚੁੱਕਾ ਹੈ। ਜਦੋਂ ਕਿ ਅੱਜ ਆਏ ਨਤੀਜਿਆਂ ਦੇ ਤਹਿਤ 13 ਵਾਰਡਾਂ 'ਚ ਕਾਂਗਰਸ, 2 ਵਾਰਡਾਂ 'ਚ ਸ਼੍ਰੋਮਣੀ ਅਕਾਲੀ ਦਲ, 3 ਵਾਰਡਾਂ ਚ ਆਮ ਆਦਮੀ ਪਾਰਟੀ ਤੇ 8 ਵਾਰਡਾਂ 'ਚ ਆਜ਼ਾਦ ਉਮੀਦਵਾਰ ਜੇਤੂ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਬੁਢਲਾਡਾ ਵਿਖੇ ਕੁਲ 19 ਵਾਰਡਾਂ ਵਿੱਚੋਂ 6 ਵਾਰਡਾਂ ਵਿੱਚ ਕਾਂਗਰਸ, 2 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ, 1 ਵਾਰਡ ਵਿੱਚ ਆਮ ਆਦਮੀ ਪਾਰਟੀ ਅਤੇ 10 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰੇਟਾ ਵਿਖੇ ਕੁਲ 13 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ, ਨਗਰ ਪੰਚਾਇਤ ਜੋਗਾ ਵਿਖੇ ਕੁਲ 13 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਤੇ ਨਗਰ ਪੰਚਾਇਤ ਬੋਹਾ ਵਿਖੇ ਕੁਲ 13 ਉਮੀਦਵਾਰਾਂ ਵਿਚੋਂ 2 ਕਾਂਗਰਸ, 2 ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ 9 ਆਜ਼ਾਦ ਉਮੀਦਵਾਰ ਜੇਤੂ ਰਹੇ।
ਮਹਿੰਦਰ ਪਾਲ ਨੇ ਦੱਸਿਆ ਕਿ ਜੇਤੂ ਐਲਾਨੇ ਗਏ ਉਮੀਦਵਾਰ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਜੇਤੂ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸਮੁੱਚੇ ਚੋਣ ਅਮਲ ਦੌਰਾਨ ਪੂਰਨ ਸ਼ਾਂਤੀ ਰੱਖਣ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਨਾਗਰਿਕਾਂ ਵੱਲੋਂ ਪਾਏ ਗਏ ਯੋਗਦਾਨ ਲਈ ਸ਼ਲਾਘਾ ਕੀਤੀ।