ਮਾਨਸਾ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸ਼੍ਰੀ ਰਾਮ ਫਾਇਨਾਂਸ ਕੰਪਨੀ ਦੇ ਵਿਅਕਤੀਆਂ ਵੱਲੋਂ ਮਜ਼ਦੂਰ ਆਗੂ ’ਤੇ ਹਮਲਾ ਕੀਤਾ ਗਿਆ। ਇਹ ਦੋਸ਼ ਆਗੂਆਂ ਵੱਲੋਂ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ’ਤੇ ਲਗਾਇਆ ਗਿਆ ਹੈ। ਇਸ ਘਟਨਾ ਸਬੰਧੀ ਤੁਰੰਤ ਦੋਸ਼ੀਆਂ ਖਿਲਾਫ ਲਿਖਤੀ ਦਰਖ਼ਾਸਤ ਦੇਣ ਦੇ ਬਾਵਜੂਦ ਥਾਣਾ ਮਾਨਸਾ ਵੱਲੋਂ ਕਾਰਵਾਈ ਨਾ ਕਰਨ ਦੇ ਵਿਰੁੱਧ ’ਚ ਥਾਣੇ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਧਰਨਕਾਰੀਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਲੌਕਡਾਊਨ ਦੇ ਸਮੇਂ ਤੋਂ ਔਰਤਾਂ ਸਿਰ ਚੜੇ ਕਰਜ਼ੇ ਲਈ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਪੱਧਰ 'ਤੇ ਔਰਤਾਂ ਦੇ ਕਰਜ਼ੇ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਈ ਫਾਈਨੈਂਸ ਕੰਪਨੀਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਕੱਲ੍ਹ ਸਾਡੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਸੇਵਕ ਉੱਪਰ ਸ੍ਰੀ ਰਾਮ ਫਾਈਨਾਂਸ ਕੰਪਨੀ ਦੇ ਕੁੱਝ ਵਿਅਕਤੀਆਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਸੱਟਾਂ ਮਾਰੀਆਂ।
ਇਸ ਘਟਨਾ ਤੋਂ ਬਾਅਦ ਉਨ੍ਹਾਂ ਵੱਲੋਂ ਥਾਣੇ ਅੱਗੇ ਧਰਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਐਸਐਚਓ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿਚ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆ ਰਹੇ ਇਸਤਰੀ ਦਿਵਸ ਵਾਲੇ ਦਿਨ ਵੱਡੀ ਗਿਣਤੀ ’ਚ ਔਰਤਾਂ ਸਣੇ ਥਾਣੇ ਅੱਗੇ ਧਰਨਾ ਦੇਣਗੇ।