ਮਾਨਸਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੱਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। 26 ਜਨਵਰੀ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਰੋਹ ਹੋਰ ਵੀ ਜ਼ਿਆਦਾ ਵਧ ਗਿਆ ਹੈ। ਜਿਸ ਦੇ ਤਹਿਤ ਵੱਖ-ਵੱਖ ਪਿੰਡਾਂ ਤੋਂ ਕਿਸਾਨ ਦਿੱਲੀ ਲਈ ਜਾ ਰਹੇ ਹਨ। ਇਸੇ ਦੇ ਤਹਿਤ ਪਿੰਡ ਧਲੇਵਾਂ ਵਿਚ ਪਿੰਡ ਦੀ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਹਰ ਰੋਜ਼ ਦਿੱਲੀ ਲਈ ਜਥਾ ਭੇਜਿਆ ਜਾਵੇਗਾ।
ਕੇਂਦਰ ਸਰਕਾਰ ਘੋਲ ਨੂੰ ਕਰਨਾ ਚਾਹੁੰਦੀ ਹੈ ਬਦਨਾਮ: ਕਿਸਾਨ ਆਗੂ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਘੋਲ ਨੂੰ ਬਦਨਾਮ ਕਰਨ ਵਿੱਚ ਚਾਲਾਂ ਚੱਲ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਬੜੀ ਹੀ ਸਮਝਦਾਰੀ ਨਾਲ ਘੋਲ ਨੂੰ ਚਲਾ ਰਹੀਆਂ ਹਨ ਅਤੇ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ। ਜਿਸਦੇ ਚੱਲਦੇ ਪਿੰਡ ਵੱਲੋਂ ਦਿੱਲੀ ’ਚ ਜਥੇ ਨੂੰ ਭੇਜਣ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਵਿੱਚ ਅਸੀਂ ਪਿੰਡ ਵਾਸੀਆਂ ਨੂੰ ਵੱਡੀ ਗਿਣਤੀ ’ਚ ਦਿੱਲੀ ਭੇਜਣ ਲਈ ਲਾਮਬੰਦ ਕੀਤਾ ਹੈ ਅਤੇ ਜੇਕਰ ਕੋਈ ਪਰਿਵਾਰ ਦਿੱਲੀ ਨਹੀਂ ਜਾ ਸਕਦਾ ਉਸ ਨੂੰ ਹਜ਼ਾਰ ਰੁਪਏ ਫੰਡ ਕਿਸਾਨ ਜਥੇਬੰਦੀਆਂ ਲਈ ਦੇਣ ਦਾ ਮਤਾ ਪਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਲੋਕਾਂ ਨੂੰ ਅਤੇ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਹਰ ਪਿੰਡ ਵਿੱਚ ਇਹ ਮਤਾ ਪਾਇਆ ਜਾਵੇ ਤਾਂ ਜੋ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਰਵਾਨਾ ਹੋ ਸਕਣ।