ਮਾਨਸਾ: ਕੋਰੋਨਾ ਵਾਇਰਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਤਹਿਤ ਪਬਲਿਕ ਟਰਾਂਸਪੋਰਟ ਸਣੇ ਜਨਤਕ ਥਾਵਾਂ ਨੂੰ 31 ਮਾਰਚ ਤੱਕ ਬੰਦ ਰੱਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਬਜ਼ੀ ਮੰਡੀ ਬੰਦ ਹੋਣ ਦੇ ਡਰ ਕਾਰਨ ਮਾਨਸਾ ਵਿਖੇ ਸਬਜ਼ੀ ਮੰਡੀ ਵਿੱਚ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ।
ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣਾ ਪੱਖ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਪਬਲਿਕ ਟਰਾਂਸਪੋਰਟ, ਸ਼ਾਪਿੰਗ ਮਾਲ, ਸਕੂਲ-ਕਾਲੇਜ ਤੇ ਸਬਜ਼ੀ ਮੰਡੀ ਆਦਿ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਲਈ ਉਹ ਹਫ਼ਤੇ ਭਰ ਦੀਆਂ ਸਬਜ਼ੀਆਂ ਤੇ ਹੋਰਨਾਂ ਜ਼ਰੂਰੀ ਸਾਮਾਨ ਦੀ ਵੱਡੇ ਪੱਧਰ ਉੱਤੇ ਖ਼ਰੀਦਦਾਰੀ ਕਰ ਰਹੇ ਹਨ।
ਲੋਕਾਂ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਵੱਧ ਖ਼ਰੀਦਦਾਰੀ ਨੂੰ ਵੇਖਦੇ ਹੋਏ ਸਬਜ਼ੀ ਵਿਕਰੇਤਾਵਾਂ ਨੇ ਮੁਨਾਫਾ ਕਮਾਉਣ ਲਈ ਸਬਜ਼ੀਆਂ ਦੇ ਰੇਟ ਦੁਗਣੇ ਕਰ ਦਿੱਤੇ ਹਨ, ਜੋ ਕਿ ਆਰਥਿਕ ਤੌਰ 'ਤੇ ਆਮ ਲੋਕਾਂ ਨਾਲ ਲੁੱਟ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕਾਂ ਵਿਚਾਲੇ ਕੋਰੋਨਾ ਵਾਇਰਸ ਦਾ ਡਰ ਹੈ ਤੇ ਦੂਜੇ ਪਾਸੇ ਸਬਜ਼ੀਆਂ ਦੇ ਦੁਗਣੇ ਰੇਟ ਹੋਣ ਕਾਰਨ ਲੋਕਾਂ ਨਾਲ ਵੱਡੀ ਲੁੱਟ ਹੋ ਰਹੀ ਹੈ। ਲੋਕਾਂ ਨੇ ਸਰਕਾਰ ਕੋਲੋਂ ਜ਼ਰੂਰੀ ਸਾਮਾਨ ਦੀ ਖ਼ਰੀਦਦਾਰੀ ਉੱਤੇ ਹੋ ਰਹੀ ਅਜਿਹੀ ਲੁੱਟ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ।