ਮਾਨਸਾ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 147 ’ਤੇ ਪੁੱਜ ਗਈ ਹੈ। ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦੇ 147 ਮਰੀਜ਼ਾਂ ’ਚੋਂ 25 ਵਿਦੇਸ਼ੀ ਹਨ ਤੇ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ 1 ਲੱਖ 98 ਹਜ਼ਾਰ ਤੋਂ ਪਾਰ ਹੋ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਦੇ ਕਰੀਬ ਪੁੱਜ ਗਈ ਹੈ।
ਕੋਰੋਨਾ ਵਾਇਰਸ ਦਾ ਅਸਰ ਵਪਾਰਿਆਂ 'ਤੇ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਈਟੀਵੀ ਭਾਰਤ ਵੱਲੋਂ ਮਾਨਸਾ ਦੇ ਛੋਟੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੋਰੋਨਾ ਵਾਇਰਸ ਨੂੰ ਆਪਣੀ ਮੰਦੀ ਦਾ ਕਾਰਨ ਦੱਸਿਆ। ਉੱਥੇ ਹੀ ਮੈਡੀਕਲ ਦੀਆਂ ਦੁਕਾਨਦਾਰਾਂ ਨੇ ਹੈੱਡ ਸੈਨੀਟੇਜ਼ਰ ਅਤੇ ਮਾਸਕ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ।
ਦੁਕਾਨਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਕਸਟਮਰ ਦੁਕਾਨਾਂ 'ਤੇ ਵੀ ਨਹੀਂ ਆ ਰਹੇ ਅਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਵੀ ਗੁਰੇਜ ਕਰ ਰਹੇ ਹਨ। ਦੁਕਾਨਦਾਰ ਮੀਟ ਵਿਕਰੇਤਾ ਮਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੇ ਕਾਰੋਬਾਰ 'ਤੇ ਕਾਫ਼ੀ ਅਸਰ ਪਿਆ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਇੱਕ ਡਰ ਬਣਿਆ ਹੋਇਆ ਹੈ ਅਤੇ ਉਹ ਮੀਟ ਖਾਣ ਤੋਂ ਪਰਹੇਜ਼ ਵੀ ਕਰ ਰਹੇ ਹਨ।