ਮਾਨਸਾ: ਪਾਰਕਾਂ ਵਿੱਚ ਅਕਸਰ ਹੀ ਲੋਕ ਸਵੇਰ ਦੀ ਸੈਰ ਕਰਨ ਦੇ ਲਈ ਆਉਂਦੇ ਹਨ ਤੇ ਕਸਰਤ ਕਰਦੇ ਹਨ ਤਾਂ ਕਿ ਉਹ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਰੱਖ ਸਕਣ। ਪਰ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਭੀੜ ਭਾੜ ਵਾਲੇ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਉੱਥੇ ਪਾਰਕਾਂ ਨੂੰ ਵੀ ਬੰਦ ਕਰ ਦਿੱਤਾ ਸੀ ਜੋ ਕਿ ਹੁਣ ਕਰੀਬ 4 ਮਹੀਨੇ ਬਾਅਦ ਖੁੱਲ੍ਹੇ ਹਨ। ਪਾਰਕਾਂ ਦੇ ਦੁਬਾਰਾ ਖੁੱਲ੍ਹਣ ਨਾਲ ਪਾਰਕਾਂ ਵਿੱਚ ਫਿਰ ਤੋਂ ਰੌਣਕਾਂ ਲੱਗ ਗਈਆਂ ਹਨ। ਮਾਨਸਾ ਦੇ ਦ ਸੈਂਟਰਲ ਪਾਰਕ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਬਜ਼ੁਰਗ ਨੌਜਵਾਨ ਸਵੇਰੇ ਸੈਰ ਕਰਨ ਦੇ ਲਈ ਆਉਂਦੇ ਹਨ ਕਸਰਤ ਕਰਦੇ ਹਨ ਸਾਈਕਲਿੰਗ ਕਰਦੇ ਅਤੇ ਗੇਮਾਂ ਖੇਡਦੇ ਹਨ। ਈਟੀਵੀ ਭਾਰਤ ਵੱਲੋਂ ਕੋਵਿਡ 19 ਦੌਰਾਨ ਘਰਾਂ ਵਿੱਚ ਬੰਦ ਰਹਿਣ ਦੇ ਚੱਲਦਿਆਂ ਪਾਰਕ ਵਿੱਚ ਨਾ ਆ ਸਕਣ ਦੇ ਕਾਰਨ ਸੈਰ ਕਰਨ ਵਾਲੇ ਲੋਕਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਪਾਰਕ ਵਿੱਚ ਸੈਰ ਕਰ ਰਹੇ ਰਾਈਫਲ ਸ਼ੂਟਿੰਗ ਦੇ ਇੰਟਰਨੈਸ਼ਨਲ ਖਿਡਾਰੀ ਉਦੈਵੀਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪਾਰਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਸੈਰ ਕਰਨ ਅਤੇ ਕਸਰਤ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਜ਼ਿਆਦਾ ਖੁੱਲ੍ਹੀ ਜਗ੍ਹਾ ਨਾ ਹੋਣ ਕਾਰਨ ਉੱਥੇ ਕਸਰਤ ਕਰਨ ਵਿੱਚ ਕਾਫੀ ਮੁਸ਼ਕਲਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪਾਰਕ ਖੁੱਲ੍ਹ ਚੁੱਕੇ ਹਨ ਤੇ ਸਰੀਰ ਦੀ ਤੰਦਰੁਸਤੀ ਦੇ ਲਈ ਸੈਰ ਅਤੇ ਕਸਰਤ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਹਰ ਇੱਕ ਇਨਸਾਨ ਨੂੰ ਸਮਾਂ ਕੱਢ ਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕਸਰਤ ਕਰਨ ਦੇ ਫਾਇਦੇ ਹੀ ਫਾਇਦੇ ਹਨ।
ਸ਼ਹਿਰ ਵਾਸੀਆਂ ਨੂੰ ਸਵੇਰ ਦੀ ਸੈਰ ਸਾਈਕਲਿੰਗ ਕਰਨ ਸਬੰਧੀ ਜਾਗਰੂਕ ਕਰਨ ਵਾਲੇ ਮਾਨਸਾ ਦੇ ਐਮ ਡੀ ਡਾ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਪਰਮਾਤਮਾ ਵੱਲੋਂ ਸਾਨੂੰ ਮਨੁੱਖੀ ਸਰੀਰ ਇੱਕ ਗਿਫ਼ਟ ਦਿੱਤਾ ਗਿਆ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਕਿਸੇ ਗਿਫਟ ਦੀ ਸਾਂਭ ਸੰਭਾਲ ਕਰਕੇ ਰੱਖਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਆਪਣੇ ਸਰੀਰ ਦੀ ਵੀ ਸਾਂਭ ਸੰਭਾਲ ਕਰਕੇ ਰੱਖਣੀ ਚਾਹੀਦੀ ਹੈ। ਜੇਕਰ ਅਸੀਂ ਆਪਣੇ ਸਰੀਰ ਦੀ ਸੰਭਾਲ ਰੱਖਾਂਗੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਲੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਸਵੇਰੇ 30 ਤੋਂ 40 ਮਿੰਟ ਸਾਈਕਲਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਗੱਲ ਕੋਰੋਨਾ ਦੀ ਕੀਤੀ ਜਾਵੇ ਤਾਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ ਲੋਕਾਂ ਨੂੰ ਬਚਾਅ ਦੇ ਲਈ ਹੀ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਸੀ ਅਤੇ ਪਾਰਕ ਅਤੇ ਹੋਰ ਪਬਲਿਕ ਸਥਾਨ ਬੰਦ ਕਰ ਦਿੱਤਾ ਸੀ। ਹੁਣ ਜਿਵੇਂ ਹੀ ਸਰਕਾਰ ਨੇ ਪਾਰਕ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਹਨ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਬੱਚੇ ਅਤੇ ਮਹਿਲਾਵਾਂ ਪਾਰਕ ਵਿੱਚ ਆ ਕੇ ਸੈਰ ਕਸਰਤ ਆਦਿ ਕਰਦਿਆਂ ਹਨ। ਉਨ੍ਹਾਂ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸੈਰ ਬਹੁਤ ਜ਼ਰੂਰੀ ਹੈ ਤੇ ਹਰ ਇਨਸਾਨ ਨੂੰ ਸਮੇਂ ਕੱਢ ਕੇ ਜ਼ਰੂਰ ਸੈਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ।