ਮਾਨਸਾ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਾਲ 2021-22 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਕਰਨਾ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਨੇ ਹਰ ਵਰਗ ਦਾ ਆਰਥਿਕ ਪੱਖੋਂ ਲੱਕ ਤੋੜ ਦਿੱਤਾ ਹੈ। ਲੋਕਾਂ ਨੂੰ ਉਮੀਦ ਹੈ ਕਿ ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਜ਼ਰੂਰ ਕੁੱਝ ਰਾਹਤ ਦੇਵੇਗੀ। ਉੱਥੇ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਤਾਂ ਹੀ ਬਜਟ ਦੇ ਵਿੱਚ ਕਿਸਾਨਾਂ ਨੂੰ ਰਾਹਤ ਹੋਵੇਗੀ।
ਜੀਐੱਸਟੀ ਅਤੇ ਹੋਰ ਟੈਕਸਾਂ ਵਿੱਚ ਰਾਹਤ ਦੀ ਉਮੀਦ
ਦੁਕਾਨਦਾਰ ਸਤਪਾਲ ਬਾਂਸਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦਾ ਕੰਮ ਠੰਢਾ ਪਾ ਦਿੱਤਾ ਹੈ ਅਤੇ ਜ਼ਰੂਰੀ ਵਸਤਾਂ ਦੇ ਭਾਅ ਵੀ ਅਸਮਾਨ ਨੂੰ ਛੋਹ ਰਹੇ ਹਨ। ਉੱਥੇ ਹੀ ਲੋਕਾਂ ਨੂੰ ਜੀਐੱਸਟੀ ਅਤੇ ਹੋਰ ਟੈਕਸਾਂ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਤੋਂ ਲੋਕਾਂ ਨੂੰ ਇਹੀ ਉਮੀਦ ਹੈ ਕਿ ਸਰਕਾਰ ਬਜਟ ਦੇ ਵਿੱਚ ਕੁੱਝ ਰਾਹਤ ਦੇਵੇਗੀ।
ਕਿਸਾਨਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀ ਉਮੀਦ
- ਕਿਸਾਨ ਸੁਖਚਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਵਾਰ ਬਜਟ ਤੋਂ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀਆਂ ਫਸਲਾਂ ਦੇ ਭਾਅ ਵਧਾਏ ਜਾਣਗੇ, ਰੇਹਾਂ ਸਪਰੇਹਾਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ ਪਰ ਇਸ ਵਾਰ ਕਿਸਾਨਾਂ ਦੀ ਸਰਕਾਰ ਤੋਂ ਬਜਟ ਵਿੱਚ ਇਹੀ ਉਮੀਦ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਹੀ ਕਿਸਾਨਾਂ ਦੇ ਲਈ ਰਾਹਤ ਹੋਵੇਗੀ।
- ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਬਜਟ ਤੋਂ ਕੁੱਝ ਖ਼ਾਸ ਉਮੀਦਾਂ ਨਹੀਂ ਹੁੰਦੀਆਂ, ਕਿਉਂਕਿ ਸਰਕਾਰ ਨੇ ਹਰ ਵਾਰ ਕਿਸਾਨਾਂ ਦੇ ਲਈ ਮਾਰੂ ਕਾਨੂੰਨ ਹੀ ਲਿਆਂਦੇ ਹਨ ਅਤੇ ਇਸ ਵਾਰ ਖੇਤੀ ਨੂੰ ਲਾਗੂ ਕਰਕੇ ਕਿਸਾਨਾਂ ਉੱਤੇ ਬੋਝ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬਜਟ ਵਿੱਚ ਰਾਹਤ ਦੇਣ ਦਾ ਇਹੀ ਚੰਗਾ ਸਰਕਾਰ ਦਾ ਫ਼ੈਸਲਾ ਹੋਵੇਗਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰੇ।
ਆਮ ਲੋਕਾਂ ਦੇ ਵਿਚਾਰ
- ਸ਼ਹਿਰ ਵਾਸੀ ਬੀਰਬਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਹਰ ਵਸਤਾਂ ਦੀ ਕੀਮਤ ਦੁੱਗਣੀ ਹੋ ਗਈ ਹੈ ਅਤੇ ਲੋਕਾਂ ਨੂੰ ਆਰਥਿਕ ਤੰਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਥੇ ਪੈਟਰੋਲ ਡੀਜ਼ਲ ਦੇ ਰੇਟ ਵੀ ਅਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਜਟ ਦੇ ਵਿੱਚ ਹਰ ਵਰਗ ਨੂੰ ਰਾਹਤ ਦਿੱਤੀ ਜਾਵੇ
- ਘਰੇਲੂ ਔਰਤ ਰਾਣੀ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ ਅਤੇ ਹਰ ਚੀਜ਼ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਜਟ ਦੇ ਵਿੱਚ ਰਸੋਈ ਗੈਸ ਅਤੇ ਹੋਰ ਘਰ ਦੀਆਂ ਜ਼ਰੂਰੀ ਵਸਤਾਂ ਸਸਤੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਗ਼ਰੀਬ ਲੋਕਾਂ ਦੀ ਰਸੋਈ ਦਾ ਬਜਟ ਨਾ ਵਿਗੜੇ।