ਮਾਨਸਾ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਇਨ੍ਹਾਂ ਜਥੇਬੰਦੀਆਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਅਤੇ ਨਿਗਮੀ ਘਰਾਣਿਆਂ ਦੇ ਕਾਰੋਬਾਰਾਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਘਿਰਾਓ ਕੀਤਾ ਗਿਆ।
ਇਸ ਪ੍ਰਦਰਸ਼ਨ ਦੌਰਾਨ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਵਿਰੋਧ ਵਿੱਚ ਰੇਲਵੇ ਪੱਟੜੀਆਂ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਆਪਣੇ ਵੱਖਰੇ ਰੂਪ ਦੇ ਵਿੱਚ ਕਾਰਪੋਰੇਟ ਅਦਾਰਿਆਂ ਦੇ ਬਾਹਰ ਧਰਨੇ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਦੇ ਚਾਰ ਟੋਲ ਪਲਾਜ਼ੇ, ਦੋ ਸ਼ਾਪਿੰਗ ਮਾਲ ਤੇ ਰਿਲਾਇੰਸ ਪੰਪਾਂ ਅਤੇ ਮਾਨਸਾ ਦੇ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਤੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਕਾਰਪੋਰੇਟ ਘਰਾਣੇ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਕਿਸਾਨ ਜਾਗਦੇ ਹਨ ਅਤੇ ਉਹ ਕਿਸੇ ਵੀ ਰੂਪ ਵਿੱਚ ਕਾਰਪੋਰੇਟ ਘਰਾਣੇ ਨੂੰ ਪੰਜਾਬ ਵਿੱਚ ਪੈਰ ਨਹੀਂ ਪਸਾਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਹੀ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਕਿਸਾਨਾਂ ਦੇ ਅੰਦੋਲਨ ਹੋਰ ਵੀ ਤੇਜ਼ ਹੋਣਗ।
ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਕਿਸਾਨਾਂ ਦੇ ਨਾਲ ਇਸ ਲਈ ਧਰਨੇ ਵਿੱਚ ਸ਼ਾਮਿਲ ਹੋ ਰਹੇ ਨੇ ਕਿਉਂਕਿ ਉਹ ਜੇਕਰ ਅੱਜ ਕਾਰਪੋਰੇਟ ਘਰਾਣੇ ਨੇ ਉਨ੍ਹਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਤਾਂ ਉਹ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਕੀ ਜਵਾਬ ਦੇਣਗੇ। ਉਨ੍ਹਾਂ ਦੇ ਬੱਚੇ ਪੁੱਛਣਗੇ ਕਿ ਜਦੋਂ ਸਰਕਾਰਾਂ ਵੱਲੋਂ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਤਾਂ ਤੁਸੀਂ ਉਨ੍ਹਾਂ ਕਾਨੂੰਨਾਂ ਦਾ ਵਿਰੋਧ ਨਹੀਂ ਕਿਉਂ ਨਹੀਂ ਕੀਤਾ ਗਿਆ।