ਮਾਨਸਾ: ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਜਾਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਦਾ ਬੇਗਮਪੁਰਾ ਵੈਲਫ਼ੇਅਰ ਸੁਸਾਇਟੀ ਆਲਮਪੁਰ ਮੰਦਰਾਂ ਨੇ ਵਿਸ਼ੇਸ਼ ਸਨਮਾਨ ਕੀਤਾ ਹੈ। ਸੁਸਾਇਟੀ ਵੱਲੋਂ ਇਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਪਾਮ ਸਟਰੀਟ ਵੀ ਬਣਾਈ ਗਈ ਅਤੇ ਸ਼ਹੀਦਾਂ ਦੇ ਪਰਿਵਾਰਾਂ ਕੋਲੋਂ ਬੂਟੇ ਵੀ ਲਗਵਾਏ ਗਏ। ਇਸ ਮੌਕੇ ਸੁਸਾਇਟੀ ਨੇ ਅੱਖਾਂ ਦਾ ਇੱਕ ਜਾਂਚ ਅਤੇ ਆਪ੍ਰੇਸ਼ਨ ਕੈਂਪ ਵੀ ਲਗਾਇਆ, ਜਿਸ ਵਿੱਚ ਸੈਂਕੜੇ ਲੋੜਵੰਦਾਂ ਜਾਂਚ ਕਰਵਾਈ।
ਸੁਸਾਇਟੀ ਦੇ ਸੰਯੋਜਕ ਤਰਸੇਮ ਮੰਦਰਾਂ ਨੇ ਕਿਹਾ ਕਿ ਇਹ 7ਵਾਂ ਅੱਖਾਂ ਦਾ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ ਹੈ। ਇਸਤੋਂ ਇਲਾਵਾ ਜ਼ਿਲ੍ਹੇ ਦੇ 10 ਫ਼ੌਜੀ ਜੋ ਦੇਸ਼ ਦੀ ਸੇਵਾ ਦੌਰਾਨ ਸਰਹੱਦ 'ਤੇ ਸ਼ਹੀਦ ਹੋ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਸ਼ਹੀਦਾਂ ਨੂੰ ਸਮਰਪਤ ਪਾਮ ਸਟਰੀਟ ਦਾ ਉਦਘਾਟਨ ਵੀ ਪਰਿਵਾਰਾਂ ਕੋਲੋਂ ਕਰਵਾਇਆ ਗਿਆ ਹੈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਕੋਲੋਂ ਬੂਟੇ ਵੀ ਲਗਵਾਏ ਗਏ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਸੈਂਕੜੇ ਲੋੜਵੰਦ ਲੋਕਾਂ ਨੇ ਹਿੱਸਾ ਲਿਆ ਹੈ ਜਿਨ੍ਹਾਂ ਦਾ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਕੀਤਾ ਗਿਆ। ਇਸ ਮੌਕੇ ਕੁੱਝ ਮਰੀਜ਼ਾਂ ਦੀ ਅਪ੍ਰੇਸ਼ਨ ਲਈ ਵੀ ਚੋਣ ਕੀਤੀ ਗਈ ਹੈ।
ਸਮਾਜ ਸੇਵੀ ਮਨਮਿੰਦਰ ਸਿੰਘ ਨੇ ਕਿਹਾ ਕਿ ਬੇਗਮਪੁਰਾ ਵੈਲਫ਼ੇਅਰ ਸੁਸਾਇਟੀ ਵੱਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰ ਜਾਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨਾ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਾਉਣਾ ਸੁਸਾਇਟੀ ਦਾ ਸ਼ਲਾਘਾਯੋਗ ਕਦਮ ਹੈ।
ਕਾਰਗਿਲ ਦੇ ਸ਼ਹੀਦ ਬੂਟਾ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਸ਼ਹੀਦਾਂ ਦੇ ਕੀਤੇ ਗਏ ਸਨਮਾਨ ਅਤੇ ਉਨ੍ਹਾਂ ਦੇ ਨਾਂਅ 'ਤੇ ਲਗਾਏ ਗਏ ਪੌਦੇ ਅਤੇ ਅੱਖਾਂ ਦੇ ਚੈੱਕਅਪ ਕੈਂਪ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਹਰ ਇੱਕ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਵੇ।