ਮਾਨਸਾ: ਡਿਪਟੀ ਕਮਿਸ਼ਨਰ ਮਹਿੰਦਰ ਪਾਲ ਵੱਲੋਂ ਐਨਐਸਐਸ ਕੈਂਪ ਦੇ ਸਮਾਪਤੀ ਸਮਾਰੋਹ 'ਚ ਸ਼ਿਰਕਤ ਕੀਤੀ ਗਈ । ਇਸ ਮੌਕੇ ਉਨ੍ਹਾਂ ਕਿਹਾ ਕਿ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਦੇ ਸਮਾਜਿਕ, ਬੌਧਿਕ ਤੇ ਭਾਵਨਾਤਮਕ ਪੱਧਰ ਦਾ ਵਿਕਾਸ ਕਰਦੀ ਹੈ। ਇਸ ਮੁਹਿੰਮ ਤਹਿਤ ਵਲੰਟੀਅਰ ਦੇਸ਼ ਸੇਵਾ ਦਾ ਹਿੱਸਾ ਬਣ ਕੇ ਇੱਕ ਦੂਜੇ ਨਾਲ ਮਿਲਵਰਤਣ ਰੱਖਣ, ਟੀਮ ਪੱਧਰ 'ਤੇ ਕੰਮ ਕਰਨ ਅਤੇ ਸਮਾਜ ਦੇ ਸੁਧਾਰ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ।
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਐਸਡੀ ਕੰਨਿਆ ਮਹਾਂਵਿਦਿਆਲਾ ਵਿਖੇ ਐਨਐਸਐਸ ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਆਪਣੇ ਮੁਢਲੇ ਸਮੇਂ ਦੌਰਾਨ ਖੁਦ ਵੀ ਐਨ.ਐਸ.ਐਸ ਨਾਲ ਜੁੜੇ ਰਹੇ ਹਨ ਅਤੇ ਕੌਮੀ ਸੇਵਾ ਯੋਜਨਾ ਨਾਲ ਵਲੰਟੀਅਰਾਂ ਦੇ ਮਨ ਵਿੱਚ ਦੇਸ਼ ਦੇ ਸਰਵਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਜਗਮੋਹਨੀ ਗਾਬਾ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਐਨਐਸਐਸ ਕੈਂਪ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਲੰਟੀਅਰਾਂ ਵੱਲੋਂ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਕਾਲਜ ਪ੍ਰਬੰਧਕੀ ਕਮੇਟੀ ਦੀ ਤਰਫੋਂ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।