ਮਾਨਸਾ: ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਉੱਤੇ ਹੋਏ ਕਾਤਲਾਨਾ ਹਮਲੇ ਵਿੱਚ ਦੋਸ਼ੀ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ, ਜਿਸ ਨੂੰ ਲੈ ਕੇ ਜਥੇਬੰਦੀ ਵੱਲੋਂ ਠੂਠਿਆਂਵਾਲੀ ਪੁਲਿਸ ਚੌਕੀ ਦੇ ਮੂਹਰੇ ਸੰਕੇਤਕ ਧਰਨਾ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀ ਹਾਲੇ ਵੀ ਫ਼ਰਾਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਪਿਛਲੀ 11 ਅਕਤੂਬਰ ਮਾਨਸਾ ਤੋਂ ਰਾਤ ਦੇ ਤਕਰੀਬਨ 8 ਵਜੇ ਆਪਣੇ ਪਿੰਡ ਭੈਣੀਬਾਘਾ ਨੂੰ ਮੋਟਰ ਸਾਈਕਲ ਉੱਤੇ ਜਾ ਰਹੇ ਸਨ। ਉਸੇ ਦਰਮਿਆਨ ਠੂਠਿਆਂਵਾਲੀ ਰੋਡ ਉੱਤੇ ਕੁਸ਼ਟ ਆਸ਼ਰਮ ਨਜ਼ਦੀਕ 4 ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਗੋਰਾ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਵਾਕੇ ਦੀ ਐੱਫ਼.ਆਈ.ਆਰ ਦੋਸ਼ੀਆਂ ਦੇ ਨਾਂਆਂ ਸਮੇਤ ਪੁਲਿਸ ਚੌਕੀ ਠੂਠਿਆਂਵਾਲੀ ਵਿਖੇ 11 ਅਕਤੂਬਰ ਨੂੰ ਹੀ ਲਿਖਵਾ ਦਿੱਤੀ ਗਈ ਸੀ, ਪਰ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦਾ ਸਿੱਧਾ ਮਤਲਬ ਹੈ ਕਿ ਪੁਲਿਸ ਦੋਸ਼ੀਆਂ ਦੀ ਮਦਦ ਕਰ ਰਹੀ ਹੈ, ਕਿਉਂਕਿ ਪੀੜਤ ਵਿਅਕਤੀ ਅਜੋਕੇ ਚੱਲ ਰਹੇ ਸੰਘਰਸ਼ ਵਿੱਚ ਅਗਾਊ ਰੋਲ ਨਿਭਾਅ ਰਿਹਾ ਹੈ।
ਜਥੇਬੰਦੀ ਦੇ ਸੰਘਰਸ਼ ਸਦਕਾ ਥਾਣਾ ਸਦਰ ਮਾਨਸਾ ਦੇ ਐੱਸ.ਐੱਚ.ਓ. ਅੱਜ ਧਰਨੇ ਵਿੱਚ ਪਹੁੰਚੇ ਅਤੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਕਰਨ ਦਾ ਵਾਅਦਾ ਵੀ ਕੀਤਾ।