ਮਾਨਸਾ: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ ਐਤਵਾਰ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਮਨਾਈ ਗਈ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਵੱਲੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ। ਇਸ ਬਰਸੀ ਵਿੱਚ ਮੂਸੇਵਾਲਾ ਦੇ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਥਾਰ ਤੇ 5911 ਟ੍ਰੈਕਟਰ ਵੀ ਖੜ੍ਹਾ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਜਗਤ ਦੀਆਂ ਵੱਖ-ਵੱਖ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ।
ਬਰਸੀ ਵਿੱਚ ਪਹੁੰਚੇ ਵੱਖ-ਵੱਖ ਕਲਾਕਾਰ:- ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਵਿੱਚ ਗਾਇਕਾ ਜਸਵਿੰਦਰ ਬਰਾੜ ਤੇ ਜੰਮੂ-ਕਸ਼ਮੀਰ ਦੇ ਗਾਇਕ ਅਤੇ ਅਦਾਕਾਰ ਇਆਨ ਖਾਨ ਵੱਲੋਂ ਵੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਦੇ ਮਾਤਾ-ਪਿਤਾ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਇਸ ਤੋਂ ਇਲਾਵਾ ਅਦਾਕਾਰ ਇਆਨ ਖਾਨ ਵੱਲੋਂ ਜੰਮੂ-ਕਸ਼ਮੀਰ ਵਿਚ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਜਲਦ ਹੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਵੀ ਇਨਸਾਫ਼ ਦੀ ਮੰਗ ਕਰਨਗੇ।
ਸਿੱਧੂ ਮੂਸੇਵਾਲਾ ਧਰਤੀ ਦੇ ਨਾਲ ਜੁੜਿਆ ਗਾਇਕ:- ਇਸ ਦੌਰਾਨ ਹੀ ਕਲਾਕਾਰਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਵਰਗਾ ਅੱਜ ਤੱਕ ਕੋਈ ਗਾਇਕ ਨਾ ਤਾਂ ਆਇਆ ਹੈ ਅਤੇ ਨਾ ਹੀ ਆਵੇਗਾ। ਉਨ੍ਹਾਂ ਕਿਹਾ ਸਿੱਧੂ ਮੂਸੇਵਾਲਾ ਧਰਤੀ ਦੇ ਨਾਲ ਜੁੜਿਆ ਹੋਇਆ ਇਨਸਾਨ ਸੀ ਅਤੇ ਉਹ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਨੀ ਅਤੇ ਦਸਤਾਰ ਸਜਾ ਕੇ ਰੱਖਣ ਦਾ ਸੁਨੇਹਾ ਦਿੰਦਾ ਸੀ।
ਮੂਸੇਵਾਲਾ ਦੇ ਮਾਤਾ-ਪਿਤਾ ਦਾ ਝਲਕਿਆ ਦਰਦ:- ਗਾਇਕ ਮੂਸੇਵਾਲਾ ਦੀ ਪਹਿਲੀ ਬਰਸੀ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਤੋਂ ਬਹੁਤ ਚਿੰਤਾ ਵਿਚ ਸੀ ਕਿ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰ ਦਿੱਤਾ ਅਤੇ ਮੈਂ ਸੋਚ ਰਿਹਾ ਸੀ ਕਿ ਸਮਾਗਮ ਸਫ਼ਲ ਕਿਵੇਂ ਹੋਵੇਗਾ। ਪਰ ਸਤਿਗੁਰੂ ਦੀ ਮਿਹਰ ਸਦਕਾ ਮੇਰੇ ਆਪਣੇ ਖਦਸ਼ੇ ਗਲਤ ਸਾਬਤ ਹੋਏ ਅਤੇ ਤੁਹਾਡੇ ਵਿਸ਼ਾਲ ਇਕੱਠ ਨੇ ਮੇਰੇ ਪੁੱਤਰ ਦੀ ਆਤਮਾ ਨੂੰ ਸ਼ਾਂਤੀ ਦਿੱਤੀ ਹੈ।