ਮਾਨਸਾ: ਪੰਜਾਬ ਦੇ ਮਸ਼ਹੂਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਭਾਵੇਂ ਜਹਾਨੋਂ ਗਏ ਇੱਕ ਸਾਲ ਦਾ ਸਮਾਂ ਬੀਤਣ ਵਾਲਾ ਹੈ ਪਰ ਅੱਜ ਵੀ ਮੂਸੇਵਾਲਾ ਦਾ ਨਾਂਅ ਲੋਕਾਂ ਦੀ ਜ਼ੁਬਾਨ ਉੱਤੇ ਜਿਉਂ ਦਾ ਤਿਉਂ ਬਰਕਰਾਰ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਗਾਇਕ ਅਤੇ ਰੇਪਰ ਉਨ੍ਹਾਂ ਨੂੰ ਦਿਲੋਂ ਵਿਸਾਰ ਨਹੀਂ ਸਕੇ। ਮੂਸੇਵਾਲਾ ਨੇ ਹੱਦਾਂ-ਸਰਹੱਦਾਂ ਤੋਂ ਪਾਰ ਇੱਕ ਨਿਵੇਕਲੀ ਪਹਿਚਾਣ ਬਣਾਈ ਸੀ ਅਤੇ ਹੁਣ ਨਾਈਜੀਰੀਅਨ ਮੂਲ ਦੇ ਰੇਪਰ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੀ ਹਰ ਇੱਕ ਯਾਦ ਆਪਣੇ ਗਾਣੇ ਵਿੱਚ ਫਿਲਮਾਉਣ ਲਈ ਪਹੁੰਚੇ ਨੇ। ਦੱਸ ਦਈਏ ਨਾਈਜੀਰੀਅਨ ਮੂਲ ਦਾ ਇਹ ਕਲਾਕਾਰ Tion Wyane ਮੂਸੇਵਾਲਾ ਦੇ ਵਰਲਡ ਫੇਮਜ਼ ਗੀਤ Celebrity Killer ਵਿੱਚ ਕੰਮ ਕਰ ਚੁੱਕਾ ਹੈ।
ਸਿੱਧੂ ਮੂਸੇਵਾਲਾ ਵੱਲੋਂ ਚਲਾਇਆ ਕਾਫਲਾ ਜਾਰੀ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਅਤੇ ਇੰਗਲੈਂਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ। ਦੱਸ ਦਈਏ ਇਸ ਗਾਣੇ ਵਿੱਚ ਮੂਸੇਵਾਲਾ ਦੇ ਪਿਤਾ ਦੀ ਵੀ ਝਲਕ ਵੇਖਣ ਨੂੰ ਮਿਲੇਗੀ।
ਦੱਸ ਦੀਈਏ ਬੀਤੇ ਸਾਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਸਨ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਸਨ ਅਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ। ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ ਅਤੇ ਮੂਸੇਵਾਲਾ ਕੇਸ ਨਾਲ ਜੁੜੇ ਜ਼ਿਆਦਾਤਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਨ੍ਹਾਂ ਵਿੱਚੋਂ ਦੋ ਪੁਲਿਸ ਐਨਕਾਊਂਟਰ ਵਿੱਚ ਢੇਰ ਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 7 'ਆਪ' ਆਗੂਆਂ 'ਚੋਂ 2 ਕੋਰੋਨਾ ਪਾਜ਼ੇਟਿਵ, ਜੇਲ੍ਹ 'ਚ ਕੀਤਾ ਇਕਾਂਤਵਾਸ